ਲੋਕ ਹੁਣ ਅਕਾਲੀ ਦਲ ਦੀ ਸਰਕਾਰ ਵੇਖਣਾ ਚਾਹੁੰਦੇ ਹਨ : ਜ਼ਾਹਿਦਾ ਸੁਲੇਮਾਨ


ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਉਮੀਦਵਾਰਾਂ ਦੇ ਹੱਕ ਵਿਚ ਜ਼ਾਹਿਦਾ ਸੁਲੇਮਾਨ ਨੇ ਕੀਤੀਆਂ ਮੀਟਿੰਗਾਂ


ਮਾਲੇਰਕੋਟਲਾ, 10 ਦਸੰਬਰ (ਮੁਨਸ਼ੀ ਫ਼ਾਰੂਕ) :ਪੰਜਾਬ ਦੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਇਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਅਕਾਲੀ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਅਕਾਲੀ ਦਲ ਦੇ ਹੱਕ ਵਿਚ ਸਪੱਸ਼ਟ ਫ਼ਤਵਾ ਦੇ ਦੇਣਗੇ। ਮੈਂ ਸੁਲਤਾਨਪੁਰ, ਬਿਸ਼ਨਗੜ੍ਹ, ਝਨੇਰ, ਕਸਬਾ ਭਰਾਲ, ਕਲਿਆਣ, ਜਲਵਾਣਾ, ਸ਼ੇਰਗੜ੍ਹ, ਮੁਬਾਰਕਪੁਰ, ਸੰਦੌੜ, ਬਾਪਲਾ, ਦਸੌਂਧਾ ਸਿੰਘ ਵਾਲਾ, ਮਿੱਠੇਵਾਲ ਅਤੇ ਮਾਣਕੀ ਸਮੇਤ ਦਰਜਨਾਂ ਪਿੰਡਾਂ ਵਿਚ ਸਿਆਸੀ ਮੀਟਿੰਗਾਂ ਕਰ ਚੁੱਕੀ ਹਾਂ। ਲੋਕਾਂ ਝਾੜੂ ਦਾ ਸਫ਼ਾਇਆ ਕਰਨ ਦਾ ਮਨ ਬਣਾ ਚੁੱਕੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਦੋ ਦਰਜਨ ਤੋਂ ਜ਼ਿਆਦਾ ਪਿੰਡਾਂ ਵਿਚ ਲੋਕਾਂ ਵਲੋਂ ਦਿਤੇ ਗਏ ਪਿਆਰ ਅਤੇ ਸਤਿਕਾਰ ਤੋਂ ਅੱਜ ਦੇਰ ਸ਼ਾਮ ਪਿੰਡ ਹਥਣ ਵਿਖੇ ਲੋਕਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਾਡਾ ਮੁੱਖ ਮੰਤਰੀ ਜਾਪਾਨ ਵਿਚ ਜਾ ਕੇ ਪੰਜਾਬ ਵਿਚ ਨਿਵੇਸ਼ ਕਰਨ ਲਈ ਕੰਪਨੀਆਂ ਲੱਭਣ ਦਾ ਢੋਂਗ ਰਚ ਰਿਹਾ ਹੈ ਜਦਕਿ ਵਿਦੇਸ਼ੀ ਕੰਪਨੀਆਂ ਕਦੇ ਵੀ ਕਿਸੇ ਸੂਬੇ ਵਿਚ ਸਿੱਧੇ ਤੌਰ ਤੇ ਅਪਣਾ ਕਾਰੋਬਾਰ ਸਥਾਪਤ ਨਹੀਂ ਕਰ ਸਕਦੀਆਂ, ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਦੇ ਆਗੂ ਜਾਣਬੁਝ ਕੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਹੀ ਇਮਾਨਦਾਰ ਅਤੇ ਬੇਦਾਗ਼ ਲੀਡਰਾਂ ਨੂੰ ਉਮੀਦਵਾਰ ਬਣਾਇਆ ਹੈ। ਹੁਣ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਚੰਗੇ ਅਤੇ ਲੋਕਾਂ ਦੀ ਲੜਾਈ ਲੜਨ ਲਈ ਤਿਆਰ ਰਹਿਣ ਵਾਲੇ ਆਗੂਆਂ ਦਾ ਸਾਥ ਦੇਣ। ਬੀਬਾ ਜ਼ਾਹਿਦਾ ਸੁਲੇਮਾਨ ਨੇ ਦਾਅਵਾ ਕੀਤਾ ਕਿ ਸਾਰੇ ਪਿੰਡਾਂ ਨੇ ਫ਼ੈਸਲਾ ਕਰ ਲਿਆ ਹੈ ਕਿ ਇਸ ਬਾਰ ਵੋਟ ਸਿਰਫ਼ ਔਰ ਸਿਰਫ਼ ਤੱਕੜੀ ਨੂੰ ਪਾਉਣੀ ਹੈ। ਹਥਣ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਬੀਬੀ ਨਫ਼ੀਸ ਬਾਨੋ ਅਤੇ ਪੰਚਾਇਤ ਸੰਮਤੀ ਲਈ ਬੀਬੀ ਮਨਜੀਤ ਕੌਰ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਝਾੜੂ ਅਤੇ ਕਾਂਗਰਸ ਨੇ ਪਿੰਡਾਂ ਦਾ ਬਿਲਕੁਲ ਵੀ ਵਿਕਾਸ ਨਹੀਂ ਕੀਤਾ। ਅੱਜ ਪਿੰਡਾਂ ਦਾ ਬੁਰਾ ਹਾਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਗ਼ਰੀਬਾਂ ਨੂੰ ਆਟਾ-ਦਾਲ ਯੋਜਨਾ ਮੁੜ ਸ਼ੁਰੂ ਕੀਤੀ ਜਾਵੇ, ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਵਜ਼ੀਫ਼ਾ ਯੋਜਨਾ ਮੁੜ ਚਾਲੂ ਕੀਤੀ ਜਾਵੇ, ਮੁਸਲਮਾਨਾਂ ਲਈ ਹਿਬਾਨਾਮਾ ਬਹਾਲ ਕੀਤਾ ਜਾਵੇ ਅਤੇ ਗ਼ਰੀਬਾਂ ਦੀਆਂ ਲੜਕੀਆਂ ਲਈ ਸ਼ਗਨ ਸਕੀਮ ਚਾਲੂ ਹੋਵੇ ਤਾਂ ਇਕ-ਇਕ ਵੋਟ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਾਈ ਜਾਵੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਦਿੱਲੀ ਦੇ ਲੁਟੇਰੇ ਪੰਜਾਬ ਨੂੰ ਲਗਾਤਾਰ ਲੁੱਟਦੇ ਜਾ ਰਹੇ ਹਨ ਅਤੇ ਪੰਜਾਬੀਆਂ ਦਾ ਪੈਸਾ ਦੂਜੇ ਸੂਬਿਆਂ ਉਤੇ ਖ਼ਰਚ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਇਕਬਾਲ ਮੁਹੰਮਦ ਹਥਣ, ਐਡਵੋਕੇਟ ਮੁਹੰਮਦ ਪਰਵੇਜ਼ ਅਖ਼ਤਰ ਅਤੇ ਹੋਰ ਅਕਾਲੀ ਆਗੂਆਂ ਨੇ ਵੀ ਸੰਬੋਧਨ ਕੀਤਾ।
