ਮਜੀਠੀਆ ਦੀ ਗ੍ਰਿਫਤਾਰੀ ’ਤੇ ਦੁਨੀਆਂ ਭਰ ਦੇ ਲੋਕਾਂ ਨੇ ਮੈਨੂੰ ਫੋਨ ਕੀਤੇ: ਭਗਵੰਤ ਮਾਨ


ਚੰਡੀਗੜ੍ਹ, 26 ਜੂਨ, 2025 (ਨਿਊਜ਼ ਟਾਊਨ ਨੈਟਵਰਕ) :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ’ਤੇ ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਨੇ ਮੈਨੂੰ ਫੋਨ ਕੀਤੇ ਹਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵਿਜੀਲੈਂਸ ਬਿਊਰੋ ਨੇ ਬੀਤੇ ਕੱਲ੍ਹ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਤਾਂ ਮੈਨੂੰ ਦੁਨੀਆਂ ਭਰ ’ਚੋਂ ਫੋਨ ਆਏ ਹਨ ਕਿ ਤੁਸੀਂ ਪੱਕੇ ਪੈਰੀਂ ਕੰਮ ਕੀਤਾ ਹੈ ? ਉਹਨਾਂ ਕਿਹਾ ਕਿ ਮੈਂ ਜਵਾਬ ਦਿੱਤਾ ਕਿ ਹਾਂ ਸਾਰਾ ਕੰਮ ਪੱਕੇ ਪੈਰੀਂ ਕੀਤਾ ਹੈ। ਉਹਨਾਂ ਕਿਹਾ ਕਿ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ ਜਿਸਦੇ ਸਬੂਤ ਮੌਜੂਦ ਹਨ। ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਨਸ਼ੇ ਦਾ ਕਾਰੋਬਾਰ ਕਰੇਗਾ, ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਬਖਸ਼ਿਆ ਨਹੀਂ ਜਾਵੇਗਾ।
ਵਿਰੋਧੀ ਧਿਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਪਹਿਲਾਂ ਕਹਿੰਦੇ ਸਨ ਕਿ ਤੁਸੀਂ ਛੋਟੇ ਮੋਟੇ ਤਸਕਰ ਫੜੀ ਜਾਂਦੇ ਹੋ ਪਰ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਉਂਦੇ, ਉਹ ਹੁਣ ਕੱਲ੍ਹ ਤੋਂ ਰੌਲਾ ਪਾ ਰਹੇ ਹਨ ਕਿ ਗਲਤ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਤੋਂ ਇਹਨਾਂ ਲੋਕਾਂ ਦਾ ਗਠਜੋੜ ਬੇਨਕਾਬ ਹੋ ਗਿਆ। ਉਹਨਾਂ ਕਿਹਾ ਕਿ ਇਹ ਲੋਕ ਆਪਸ ਵਿਚ ਰਲੇ ਹੋਏ ਹਨ ਪਰ ਪੰਜਾਬੀ ਹੁਣ ਸਭ ਕੁਝ ਸਮਝ ਗਏ ਹਨ।
ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਵੇਖਣ ਨੂੰ ਮਿਲੇਗਾ ਕਿ ਵੱਡੇ ਨਸ਼ਾ ਤਸਕਰਾਂ ਦੇ ਘਰ ਵੀ ਢਾਹੇ ਜਾਣਗੇ ਤੇ ਇਹਨਾਂ ਖਿਲਾਫ ਕਾਰਵਾਈ ਵੀ ਹੋਵੇਗੀ।
