ਅਦਾਲਤਾਂ ‘ਚ ਲੰਬਿਤ ਕੇਸ ਇਕ ਵੱਡੀ ਸਮੱਸਿਆ: CJI ਬੀ.ਆਰ. ਗਵਈ


ਕਿਹਾ, 6.85 ਲੱਖ ਕਰੋੜ ਰੁਪਏ ਦੇ ਵਿਵਾਦਿਤ ਮਾਮਲੇ ਹਾਲੇ ਵੀ ਲਮਕੇ
ਨਵੀਂ ਦਿੱਲੀ, 10 ਅਕਤੂਬਰ (ਨਿਊਜ਼ ਟਾਊਨ ਨੈਟਵਰਕ) : ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਬੀ.ਆਰ. ਗਵਈ ਨੇ ਕਿਹਾ ਕਿ ਕੇਸਾਂ ਦਾ ਵੱਡਾ ਬੈਕਲਾਗ ਇਕ ‘ਵੱਡੀ ਸਮੱਸਿਆ’ ਹੈ। ਉਨ੍ਹਾਂ ਕਿਹਾ ਕਿ ਆਮਦਨ ਟੈਕਸ ਅਪੀਲ ਟ੍ਰਿਬਿਊਨਲ (ਆਈਟੀਏਟੀ) ਦੇ ਸਾਹਮਣੇ 6.85 ਲੱਖ ਕਰੋੜ ਰੁਪਏ ਦੇ ਵਿਵਾਦ ਅਜੇ ਵੀ ਲੰਬਿਤ ਹਨ। ਸੀਜੇਆਈ ਨੇ ਇਥੇ ‘‘ਇਨਕਮ ਟੈਕਸ ਅਪੀਲ ਟ੍ਰਿਬਿਊਨਲ – ਭੂਮਿਕਾ, ਚੁਣੌਤੀਆਂ ਅਤੇ ਅੱਗੇ ਦਾ ਰਸਤਾ’’ ਵਿਸ਼ੇ ’ਤੇ ਇਕ ਸੈਮੀਨਾਰ ਅਤੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿਚ ਲੰਬਿਤ ਕੇਸਾਂ ਦੀ ਗਿਣਤੀ 85,000 ਤੋਂ ਘਟਾ ਕੇ 24,000 ਕਰਨ ਲਈ ਆਮਦਨ ਟੈਕਸ ਅਪੀਲ ਟ੍ਰਿਬਿਊਨਲ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, ‘‘ਅਦਾਲਤਾਂ ਅਤੇ ਹੋਰ ਟ੍ਰਿਬਿਊਨਲਾਂ ਦੀ ਇਕ ਵੱਡੀ ਸਮੱਸਿਆ ਲੰਬਿਤ ਮਾਮਲਿਆਂ ਦੀ ਵੱਡੀ ਗਿਣਤੀ ਹੈ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋ ਰਹੀ ਹੈ ਕਿ, ਜਿਵੇਂ ਕਿ ਸ਼੍ਰੀ ਸੀ.ਵੀ. ਭਦਾਂਗ (ਆਈ.ਟੀ.ਏ.ਟੀ. ਮੁਖੀ) ਨੇ ਕਿਹਾ, ਪਿਛਲੇ ਪੰਜ ਸਾਲਾਂ ਵਿਚ ਲੰਬਿਤ ਮਾਮਲਿਆਂ ਦੀ ਗਿਣਤੀ 85,000 ਤੋਂ ਘੱਟ ਕੇ 24,000 ਹੋ ਗਈ ਹੈ। ਉਨ੍ਹਾਂ ਕਿਹਾ, ‘‘ਮੈਂ ਆਈ.ਟੀ.ਏ.ਟੀ. ਦੇ ਸਾਰੇ ਮੈਂਬਰਾਂ ਦੇ ਨਾਲ-ਨਾਲ ਬਾਰ ਦੇ ਮੈਂਬਰਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਕਿਉਂਕਿ ਬਾਰ ਦੇ ਸਹਿਯੋਗ ਤੋਂ ਬਿਨਾਂ, ਇੰਨੀ ਵੱਡੀ ਪ੍ਰਾਪਤੀ ਸੰਭਵ ਨਹੀਂ ਸੀ। ਹਾਲਾਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ 6.85 ਲੱਖ ਕਰੋੜ ਰੁਪਏ ਦੇ ਵਿਵਾਦਿਤ ਮਾਮਲੇ ਅਜੇ ਵੀ ਟ੍ਰਿਬਿਊਨਲ ਦੇ ਸਾਹਮਣੇ ਲੰਬਿਤ ਹਨ, ਜੋ ਕਿ ਭਾਰਤ ਦੇ ਜੀਡੀਪੀ ਦੇ ਦੋ ਪ੍ਰਤੀਸ਼ਤ ਤੋਂ ਵੱਧ ਹਨ।’’ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਆਈ.ਟੀ.ਏ.ਟੀ. ਦੇ ਚੇਅਰਮੈਨ ਜਸਟਿਸ ਸੀ.ਵੀ. ਭਦਾਂਗ ਇਸ ਸਮਾਗਮ ਵਿਚ ਮੌਜੂਦ ਪਤਵੰਤਿਆਂ ਵਿਚ ਸ਼ਾਮਲ ਸਨ।