ਪੱਟੀ ਦੇ ਵਕੀਲ ‘ਤੇ ਗੈਂਗਸਟਰਾਂ ਨਾਲ ਮਿਲ ਕੇ ਫਿਰੌਤੀਆਂ ਲੈਣ ਦੇ ਇਲਜ਼ਾਮ! ਗ੍ਰਿਫਤਾਰ

ਅਦਾਲਤ ਤੋਂ ਰਿਮਾਂਡ ਲੈਣ ਦੀ ਵੀ ਤਿਆਰੀ

ਪੱਟੀ, 11 ਜੂਨ (ਚੇਤਨ ਮਹਿਰਾ/ਕੰਵਲਦੀਪ ਸਾਬੀ) : ਭੁਪਿੰਦਰ ਸਿੰਘ ਸਿੱਧੂ ਐਸ.ਐਸ.ਪੀ ਤਰਨ ਤਾਰਨ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਜੇਰਾਜ ਸਿੰਘ ਪੀ.ਪੀ.ਐਸ/ਐਸ.ਪੀ (ਡੀ) ਤਰਨ ਤਾਰਨ ਅਤੇ ਸ੍ਰੀ ਲਵਕੇਸ਼ ਪੀ.ਪੀ.ਐਸ ਡੀ.ਐਸ.ਪੀ (ਪੱਟੀ) ਜੀ ਦੀ ਨਿਗਰਾਨੀ ਹੇਂਠ ਇੰਸਪੈਕਟਰ ਹਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਪੱਟੀ ਵੱਲੋਂ ਫਿਰੌਤੀ ਮਾਮਲੇ ਨੂੰ ਹੱਲ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਸਿੱਧੂ ਐਸ.ਐਸ.ਪੀ ਤਰਨ ਤਾਰਨ ਨੇ ਦੱਸਿਆ ਕਿ 08.03.2025 ਨੂੰ ਬਰੂਨੋ ਧਵਨ (ਐਡਵੋਕੇਟ) ਪੁੱਤਰ ਵਿਜੈ ਕੁਮਾਰ ਧਵਨ (ਐਡਵੋਕੇਟ) ਨੇ ਥਾਣਾ ਸਿਟੀ ਪੱਟੀ ਹਾਜ਼ਰ ਆ ਕੇ ਆਪਣਾ ਬਿਆਨ ਦਰਜ਼ ਕਰਵਾਇਆ ਕਿ ਉਹ ਪੱਟੀ ਕੋਰਟ ਕੰਪਲੈਕਸ ਵਿੱਚ ਐਡਵੋਕੇਟ ਹੈ ਅਤੇ ਉਸ ਪਾਸੋਂ ਵਿਦੇਸ਼ੀ ਗੈਂਗਸਟਰ ਪ੍ਰਭਦੀਪ ਨੇ 1 ਕੋਰੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਮੁੱਦਈ ਵੱਲੋਂ ਫਿਰੌਤੀ ਨਾ ਦੇਣ ਤੇ ਪ੍ਰਭਦੀਪ ਸਿੰਘ ਉਰਫ ਪ੍ਰਭ ਦਾਸੂਵਾਲ ਦੇ ਕਹਿਣ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਿਕਾਇਤ ਕਰਤਾ ਨੂੰ ਮਾਰ ਦੇਣ ਦੀ ਨੀਅਤ ਨਾਲ ਉਸਦੇ ਘਰ ਦੇ ਗੇਟ ਤੇ 06 ਰੌਂਦ ਫਾਇਰ ਕੀਤੇ ਗਏ। ਜਿਸਤੇ ਥਾਣਾ ਸਿਟੀ ਪੱਟੀ ਦੀ ਪੁਲਿਸ ਵੱਲੋਂ ਮੁੱਕਦਮਾ ਕਰ ਦਿੱਤਾ ਗਿਆ। ਉਸ ਤੋ ਬਾਅਦ ਥਾਣਾ ਸਿਟੀ ਪੱਟੀ ਦੀ ਪੁਲਿਸ ਨੂੰ ਮਿਤੀ 11-04-2025 ਨੂੰ ਹਿਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਉਕਤ ਮੁੱਕਦਮਾ ਵਿੱਚ ਜਿਹਨਾਂ ਅਣਪਛਾਤੇ ਵਿਅਕਤੀਆਂ ਵੱਲੋਂ ਪ੍ਰਭਦੀਪ ਸਿੰਘ ਉਰਫ ਪ੍ਰਭ ਦਾਸੂਵਾਲ ਦੇ ਕਹਿਣ ਤੇ ਮੁੱਦਈ ਪਰ ਗੋਲੀਆਂ ਚਲਾਈਆਂ ਗਈਆਂ ਸਨ ਉਹਨਾਂ ਵਿੱਚੋਂ ਇੱਕ ਦੋਸ਼ੀ ਹਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਠੱਕਰਪੁਰਾ ਨੂੰ ਇੱਕ ਨਜਾਇਜ਼ ਪਿਸਤੌਲ ਸਮੇਤ 05 ਖਾਲੀ ਖੌਲ ਅਤੇ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤਰਨ ਤਾਰਨ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰਨ ਲਈ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ।

ਇਸ ਦੌਰਾਨ ਥਾਣਾ ਸਿਟੀ ਪੱਟੀ ਦੀ ਪੁਲਿਸ ਨੂੰ ਤਕਨੀਕੀ ਇੰਨਟੈਲੀਜੈਂਸ ਰਾਂਹੀ ਇਹ ਪਤਾ ਲੱਗਾ ਕਿ ਇਸ ਮੁੱਕਦਮੇ ਵਿੱਚ ਮੁੱਦਈ ਬਰੂਨੋ ਧਵਨ (ਐਡਵੋਕੇਟ) ਪੁੱਤਰ ਵਿਜੈ ਕੁਮਾਰ ਧਵਨ (ਐਡਵੋਕੇਟ) ਨੇ ਆਪਣੀ ਪੁਲਿਸ ਸਕਿਊਰਟੀ ਲੈਣ ਦੀ ਖਾਤਿਰ ਮਨਘੜ੍ਹਤ ਕਹਾਣੀ ਬਣਾ ਕੇ ਆਪੇ ਹੀ ਖੁੱਦ ਗੈਗਂਸਟਰ ਪ੍ਰਭਦੀਪ ਸਿੰਘ ਉਰਫ ਪ੍ਰਭ ਦਾਸੂਵਾਲ ਨਾਲ ਤਾਲਮੇਲ ਕਰਕੇ ਆਪਣੇ ਆਪ ਨੂੰ ਫਿਰੌਤੀ ਦਵਾ ਕੇ ਆਪਣੇ ਹੀ ਘਰ ਦੇ ਗੇਟ ‘ਤੇ ਗੋਲੀਆਂ ਚਲਵਾ ਦਿੱਤੀਆ ਜਿਸਤੇ ਬਰੂਨੋ ਧਵਨ (ਐਡਵੋਕੇਟ) ਨੇ ਪੁਲਿਸ ਨੂੰ ਗੁੰਮਰਾਹ ਕਰਨ ਅਤੇ ਝੂਠੀ ਕਹਾਣੀ ਬਣਾਉਣ ਦੇ ਜੁਰਮ ਵਿੱਚ ਗ੍ਰਿਫਤਾਰ ਕਰਕੇ ਬਰੂਨੋ ਧਵਨ (ਐਡਵੋਕੇਟ) ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕਰਕੇ ਵਾਧਾ ਜੁਰਮ 61(2)/111 ਬੀ.ਐਨ.ਐਸ ਕੀਤਾ ਗਿਆ ਹੈ।
ਮੁੱਢਲੀ ਤਫਤੀਸ਼ ਦੌਰਾਨ ਇਹ ਪਤਾ ਲੱਗਾ ਹੈ ਕਿ ਬਰੂਨੋ ਧਵਨ (ਐਡਕੋਵੇਟ) ਪੱਟੀ ਸ਼ਹਿਰ ਦੇ ਕਾਰੋਬਾਰੀ ਬੰਦਿਆਂ ਅਤੇ ਬੈਂਕਾਂ ਨੂੰ ਲੁੱਟਣ ਦੀ ਖੂਫੀਆਂ ਜਾਣਕਾਰੀ ਗੈਗਂਸਟਰ ਪ੍ਰਭਦੀਪ ਸਿੰਘ ਉਰਫ ਪ੍ਰਭ ਦਾਸੂਵਾਲ ਨੂੰ ਦੇ ਰਿਹਾ ਸੀ । ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਇਸ ਦੋਸ਼ੀ ਪਾਸੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
