ਪਠਾਨਕੋਟ ਵਿਚ ਬਣਦਿਆਂ ਹੀ ਟੁੱਟ ਗਿਆ ਰਜਵਾਹਾ


(ਨਿਊਜ਼ ਟਾਊਨ ਨੈਟਵਰਕ)
ਪਠਾਨਕੋਟ, 10 ਜੁਲਾਈ : ਪਠਾਨਕੋਟ ਦੇ ਪਿੰਡ ਗੁਲਪੁਰ ਸਿੰਬਲੀ ਨੇੜੇ ਯੂ.ਬੀ.ਡੀ.ਸੀ. ਨਹਿਰ ਵਿਚੋਂ ਨਿਕਲਣ ਵਾਲਾ ਰਜਵਾਹਾ (ਸਥਾਈ ਪਾਣੀ ਸਪਲਾਈ) ਸਿੰਜਾਈ ਵਿਭਾਗ ਵਲੋਂ ਪੱਕਾ ਕੀਤੇ ਜਾਣ ਤੋਂ ਤੁਰੰਤ ਬਾਅਦ ਵੱਖ-ਵੱਖ ਥਾਵਾਂ ਤੋਂ ਟੁੱਟ ਗਿਆ। ਇਕ ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣੇ ਇਸ ਰਜਵਾਹੇ ਦੇ ਗ਼ੈਰ ਮਿਆਰੀ ਨਿਰਮਾਣ ‘ਤੇ ਸਵਾਲ ਉਠਾਏ ਗਏ ਹਨ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਲੋਕਾਂ ਅਨੁਸਾਰ ਜੇ ਇਸ ਦੀ ਉਸਾਰੀ ਸਹੀ ਢੰਗ ਨਾਲ ਕੀਤੀ ਜਾਂਦੀ ਤਾਂ ਵਿਭਾਗ ਦੇ ਗੁਣਵੱਤਾ ਨਿਯੰਤਰਣ ਵਿੰਗ ਨੇ ਵੀ ਕੰਮ ਸਹੀ ਢੰਗ ਨਾਲ ਕਰਵਾਇਆ ਹੁੰਦਾ ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ। ਜ਼ਿਕਰਯੋਗ ਹੈ ਕਿ 3.5 ਕਿਲੋਮੀਟਰ ਲੰਬਾਈ ਵਾਲਾ ਇਹ ਰਜਵਾਹਾ ਗੁਲਪੁਰ ਮਾਈਨਰ ਜੋ ਕਿ ਛੱਤਪਾਟ ਤੋਂ ਬਣਿਆ ਸੀ, ਤੋਂ ਸੂਚੀ ਇਜੈਕਟਰ ਬਗਿਆਲ ਤਕ ਬਣਾਇਆ ਗਿਆ ਸੀ ਅਤੇ ਇਸ ਵਿਚ ਪਾਣੀ ਛੱਡਿਆ ਗਿਆ ਸੀ। ਜਦਕਿ 6 ਜੂਨ 2025 ਨੂੰ ਹਲਕਾ ਭੋਆ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਇਸ ਦਾ ਉਦਘਾਟਨ ਕੀਤਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਨੂੰ ਅਜੇ 2 ਥਾਵਾਂ (ਯੂਬੀਡੀਸੀ ਹਾਈਡਲ ਨਹਿਰ ਅਤੇ ਇਕ ਹੋਰ ਜਗ੍ਹਾ) ਉਤੇ ਜੋੜਿਆ ਜਾਣਾ ਬਾਕੀ ਸੀ। ਇਸ ਵਿਚ ਪਾਣੀ ਛੱਡਿਆ ਗਿਆ ਸੀ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਝੋਨੇ ਦੀ ਬਿਜਾਈ ਦੇ ਸੀਜ਼ਨ ਕਾਰਨ ਪਾਣੀ ਛੱਡਣਾ ਪਿਆ। ਪਿੰਡ ਦੇ ਕਿਸਾਨ ਦੇਵਰਾਜ ਸੈਣੀ, ਜਨਕਰਾਜ, ਪ੍ਰੀਤਮ ਸਿੰਘ, ਗੁਰਮੀਤ ਸਿੰਘ ਅਤੇ ਸ਼ਾਮ ਲਾਲ ਆਦਿ ਦਾ ਕਹਿਣਾ ਹੈ ਕਿ ਇਹ ਰਜਵਾਹਾ ਘੱਟੋ-ਘੱਟ 5 ਸਾਲ ਚੱਲਣਾ ਚਾਹੀਦਾ ਸੀ ਪਰ ਇਹ ਬਣਦੇ ਹੀ ਟੁੱਟ ਗਿਆ। ਇਸ ਤਰ੍ਹਾਂ ਵਿਭਾਗ ਦੇ ਅਧਿਕਾਰੀਆਂ ਨੇ ਸਰਕਾਰੀ ਪੂੰਜੀ ਬਰਬਾਦ ਕਰ ਦਿਤੀ ਹੈ। ਉਨ੍ਹਾਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਵਿਭਾਗ ਦੇ ਸਬੰਧਤ ਜੇ.ਈ. ਤਰਸੇਮ ਲਾਲ ਅਨੁਸਾਰ ਇਹ ਕੰਮ ਅਜੇ ਅਧੂਰਾ ਹੈ, ਝੋਨੇ ਦੀ ਬਿਜਾਈ ਕਾਰਨ ਪਾਣੀ ਛੱਡਣਾ ਪਿਆ। ਬਿਜਾਈ ਦਾ ਸੀਜਨ ਖ਼ਤਮ ਹੋਣ ਤੋਂ ਬਾਅਦ ਕੁਨੈਕਟੀਵਿਟੀ ਕੀਤੀ ਜਾਵੇਗੀ। ਰਜਵਾਹੇ ਦੇ ਕੰਢੇ ਪਾਪੂਲਰ ਦੇ ਦਰੱਖ਼ਤ ਲਗਾਏ ਗਏ ਸਨ। ਜਦ ਤੂਫ਼ਾਨ ਆਇਆ ਤਾਂ ਉਹ ਡਿੱਗ ਪਏ ਜਿਸ ਕਾਰਨ ਰਜਵਾਹੇ ਨੂੰ ਨੁਕਸਾਨ ਪਹੁੰਚਿਆ ਹੈ। ਠੇਕੇਦਾਰ ਨੂੰ ਅਜੇ ਤਕ ਪੂਰਾ ਭੁਗਤਾਨ ਨਹੀਂ ਕੀਤਾ ਗਿਆ ਹੈ। ਇਸ ਕਾਰਨ ਝੋਨੇ ਦੀ ਬਿਜਾਈ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਮੁਰੰਮਤ ਕੀਤੀ ਜਾਵੇਗੀ।