ਜੰਮੂ-ਕਸ਼ਮੀਰ ਦੇ ਸਾਂਬਾ ’ਚ ਪਾਕਿਸਤਾਨੀ ਗੁਬਾਰਾ ਬਰਾਮਦ


ਜਹਾਜ਼ ਦੇ ਆਕਾਰ ਦੇ ਗੁਬਾਰੇ ‘ਤੇ PIA ਲਿਖਿਆ ਹੋਇਆ, ਸ਼ੁਰੂ ਜਾਂਚ
ਸਾਂਬਾ, 17 ਅਗਸਤ (ਨਿਊਜ਼ ਟਾਊਨ ਨੈਟਵਰਕ) : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿਤੀ ਗਈ ਹੈ। ਸੁਰੱਖਿਆ ਕਰਮਚਾਰੀ ਥੋੜ੍ਹੀ ਜਿਹੀ ਸ਼ੱਕ ‘ਤੇ ਜਾਂਚ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਪਾਕਿਸਤਾਨ ਕਦੇ ਵੀ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਰੋਕਣ ਵਾਲਾ ਨਹੀਂ ਹੈ। ਹੁਣ ਸ਼ਨੀਵਾਰ 16 ਅਗਸਤ ਨੂੰ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਇਲਾਕੇ ਵਿਚ ਇਕ ਗੁਬਾਰਾ ਮਿਲਿਆ, ਜੋ ਕਿ ਇਕ ਹਵਾਈ ਜਹਾਜ਼ ਦੀ ਸ਼ਕਲ ਵਿਚ ਸੀ ਅਤੇ ਇਸ ‘ਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦਾ ਲੋਗੋ ਸੀ। ਇਸ ਨਾਲ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਜਾਣਕਾਰੀ ਅਨੁਸਾਰ ਇਹ ਗੁਬਾਰਾ ਹਰੇ ਅਤੇ ਚਿੱਟੇ ਰੰਗ ਦਾ ਸੀ, ਜੋ ਕਿ ਜ਼ਮੀਨ ‘ਤੇ ਪਿਆ ਮਿਲਿਆ ਸੀ। ਇਸ ਘਟਨਾ ਨੇ ਸੁਰੱਖਿਆ ਏਜੰਸੀਆਂ ਵਿਚ ਚਿੰਤਾਵਾਂ ਵਧਾ ਦਿਤੀਆਂ ਹਨ ਕਿਉਂਕਿ ਇਹ ਸਰਹੱਦ ਦੇ ਨੇੜੇ ਮਿਲਿਆ ਸੀ। ਇਸ ਕਿਸਮ ਦੀ ਵਸਤੂ ਨੂੰ ਅਕਸਰ ਜਾਸੂਸੀ ਰਣਨੀਤੀ ਮੰਨਿਆ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਬੀਐਸਐਫ ਦੇ ਜਵਾਨ ਇਸ ਗੁਬਾਰੇ ਦੇ ਮੂਲ ਅਤੇ ਉਦੇਸ਼ ਦੀ ਜਾਂਚ ਕਰ ਰਹੇ ਹਨ। ਇਸ ਖੇਤਰ ਵਿਚ ਪਹਿਲਾਂ ਵੀ ਇਸੇ ਤਰ੍ਹਾਂ ਦੇ ਹੋਰ ਗੁਬਾਰੇ ਮਿਲੇ ਸਨ, ਜਿਸ ਨਾਲ ਸੁਰੱਖਿਆ ਚੌਕਸੀ ਵਧ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 8 ਮਈ ਨੂੰ ਸਥਾਨਕ ਲੋਕਾਂ ਨੇ ਸਾਂਬਾ ਜ਼ਿਲ੍ਹੇ ਦੇ ਇਕ ਖੇਤ ਵਿੱਚ ਪੀਆਈਏ ਲੋਗੋ ਵਾਲਾ ਇਕ ਗੁਬਾਰਾ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। 12 ਮਾਰਚ ਨੂੰ ਘਗਵਾਲ ਸੈਕਟਰ ਦੇ ਪਲਾਉਨਾ ਪਿੰਡ ਵਿਚ ਪਾਕਿਸਤਾਨੀ ਝੰਡੇ ਵਾਲਾ ਇੱਕ ਗੁਬਾਰਾ ਮਿਲਿਆ ਸੀ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਪੁੰਛ, ਰਾਜੌਰੀ ਅਤੇ ਜੰਮੂ ਦੇ ਵੱਖ-ਵੱਖ ਇਲਾਕਿਆਂ ਵਿਚ ਪੀਆਈਏ ਦੇ ਲੋਗੋ ਵਾਲੇ ਜਹਾਜ਼ ਦੇ ਆਕਾਰ ਦੇ ਗੁਬਾਰਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ‘ਤੇ ਸੁਰੱਖਿਆ ਕਾਰਨਾਂ ਕਰਕੇ ਚੌਕਸੀ ਵਰਤੀ ਗਈ ਸੀ।