ਪਾਕਿਸਤਾਨ ਨੇ ਟਰੰਪ ਨੂੰ ਨੋਬੇਲ ਪੁਰਸਕਾਰ ਲਈ ਕੀਤਾ ਨਾਮਜ਼ਦ

ਕਿਹਾ, ਭਾਰਤ-ਪਾਕਿ ਜੰਗ ਰੋਕੀ, ਟਰੰਪ ਬੋਲੇ-ਮੈਨੂੰ ਨਹੀਂ ਮਿਲੇਗਾ ਨੋਬਲ

(ਨਿਊਜ਼ ਟਾਊਨ ਨੈਟਵਰਕ)
ਇਸਲਾਮਾਬਾਦ/ਵਾਸ਼ਿੰਗਟਨ, 21 ਜੂਨ : ਪਾਕਿਸਤਾਨ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2026 ਦੇ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਜੰਗ ਦੌਰਾਨ ਟਰੰਪ ਦੀ ਕੂਟਨੀਤਕ ਪਹਿਲਕਦਮੀ ਅਤੇ ਵਿਚੋਲਗੀ ਨੇ ਇਕ ਵੱਡੀ ਜੰਗ ਨੂੰ ਟਾਲਣ ਵਿਚ ਮਦਦ ਕੀਤੀ। ਪਾਕਿਸਤਾਨੀ ਸਰਕਾਰ ਨੇ ਅਪਣੇ ਅਧਿਕਾਰਤ ਬਿਆਨ ਵਿਚ ਕਿਹਾ ਕਿ ਟਰੰਪ ਨੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੋਵਾਂ ਨਾਲ ਗੱਲ ਕਰਕੇ ਜੰਗਬੰਦੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਾਲ ਦੋ ਪ੍ਰਮਾਣੂ ਸ਼ਕਤੀਆਂ ਵਿਚਕਾਰ ਜੰਗ ਦੀ ਸੰਭਾਵਨਾ ਟਲ ਗਈ। ਪਾਕਿਸਤਾਨ ਨੇ ਕਸ਼ਮੀਰ ਮੁੱਦੇ ‘ਤੇ ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਜਦ ਤਕ ਕਸ਼ਮੀਰ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤਕ ਖੇਤਰ ਵਿਚ ਸਥਾਈ ਸ਼ਾਂਤੀ ਨਹੀਂ ਆ ਸਕਦੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਟਾਲਣ, ਰੂਸ-ਯੂਕਰੇਨ ਅਤੇ ਇਰਾਨ-ਇਜ਼ਰਾਈਲ ਵਰਗੇ ਵਿਵਾਦਾਂ ਨੂੰ ਸੁਲਝਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਪਰ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ।
ਟਰੰਪ ਨੇ ਸ਼ੁੱਕਰਵਾਰ ਨੂੰ ‘ਟਰੂਥ ਸੋਸ਼ਲ’ ‘ਤੇ ਪੋਸਟ ਕੀਤਾ ਤੇ ਲਿਖਿਆ, “ਮੈਂ ਕਿੰਨੀਆਂ ਵੀ ਜੰਗਾਂ ਰੋਕਾਂ, ਮੈਂ ਜੋ ਵੀ ਕਰਾਂ, ਮੈਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ। ਮੈਂ ਵਿਦੇਸ਼ ਮੰਤਰੀ ਮਾਰਕੋ ਰੂਬੀਉ ਨਾਲ ਮਿਲ ਕੇ ਕਾਂਗੋ-ਰਵਾਂਡਾ ਯੁੱਧ ਨੂੰ ਰੋਕਣ ਲਈ ਇਕ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕੀਤੀ। ਇਹ ਇਕ ਖੂਨੀ ਟਕਰਾਅ ਸੀ ਜੋ ਦਹਾਕਿਆਂ ਤੋਂ ਚੱਲ ਰਿਹਾ ਸੀ।”
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟਰੰਪ ਨੇ ਵ੍ਹਾਈਟ ਹਾਊਸ ਵਿਚ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਨਾਲ ਬੰਦ ਕਮਰੇ ਵਿਚ ਮੁਲਾਕਾਤ ਕੀਤੀ। ਦੋਹਾਂ ਨੇ ਵ੍ਹਾਈਟ ਹਾਊਸ ਦੇ ਕੈਬਨਿਟ ਰੂਮ ਵਿਚ ਇਕੱਠੇ ਦੁਪਹਿਰ ਦਾ ਖਾਣਾ ਖਾਧਾ। ਇਹ ਪਹਿਲਾ ਮੌਕਾ ਸੀ ਜਦ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਦੀ ਮੇਜ਼ਬਾਨੀ ਕੀਤੀ। ਬੁੱਧਵਾਰ ਨੂੰ ਟਰੰਪ-ਮੁਨੀਰ ਦੀ ਮੁਲਾਕਾਤ ਮੁਨੀਰ ਦੇ ਟਰੰਪ ਲਈ ਨੋਬਲ ਸ਼ਾਂਤੀ ਪੁਰਸਕਾਰ ਦੀ ਮੰਗ ਕਰਨ ਵਾਲੇ ਬਿਆਨ ਤੋਂ ਬਾਅਦ ਹੋਈ। ਵ੍ਹਾਈਟ ਹਾਊਸ ਦੀ ਬੁਲਾਰਨ ਅੰਨਾ ਕੈਲੀ ਨੇ ਕਿਹਾ ਕਿ ਮੁਨੀਰ ਨੇ ਮਈ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਣ ਦਾ ਸਿਹਰਾ ਟਰੰਪ ਨੂੰ ਦਿਤਾ। ਉਨ੍ਹਾਂ ਦੇ ਬਿਆਨ ਦੇ ਸਨਮਾਨ ਵਿਚ ਟਰੰਪ ਨੇ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਲਈ ਸੱਦਾ ਦਿਤਾ।
ਅਸੀਮ ਮੁਨੀਰ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹਨ। ਟਰੰਪ ਨਾਲ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨਾਲ 35 ਮਿੰਟ ਦੀ ਫ਼ੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਮੋਦੀ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ 7 ਤੋਂ 10 ਮਈ ਤਕ ਚੱਲੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤੀ ਅਤੇ ਪਾਕਿਸਤਾਨੀ ਫ਼ੌਜਾਂ ਵਿਚਕਾਰ ਗੱਲਬਾਤ ਤੋਂ ਬਾਅਦ ਜੰਗਬੰਦੀ ਕੀਤੀ ਗਈ ਸੀ। ਕਿਸੇ ਬਾਹਰੀ ਵਿਚੋਲਗੀ ਰਾਹੀਂ ਨਹੀਂ ਜੰਗਬੰਦੀ ਕੀਤੀ ਗਈ। ਨੋਬੇਲ ਪੁਰਸਕਾਰ 2026 ਲਈ ਅਧਿਕਾਰਤ ਰਜਿਸਟ੍ਰੇਸ਼ਨ ਸਤੰਬਰ ਵਿਚ ਸ਼ੁਰੂ ਹੋਵੇਗੀ। ਹਾਲਾਂਕਿ ਆਖ਼ਰੀ ਮਿਤੀ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। 2025 ਦੇ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀ ਦੀ ਆਖ਼ਰੀ ਮਿਤੀ 31 ਜਨਵਰੀ ਸੀ। 2025 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ 338 ਨਾਮਜ਼ਦਗੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚੋਂ 244 ਵਿਅਕਤੀ ਅਤੇ 94 ਸੰਗਠਨ ਸਨ। 2023 ਵਿਚ ਇਸ ਪੁਰਸਕਾਰ ਲਈ 286 ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਨਾਮਜ਼ਦਗੀਆਂ ਦੀ ਸਭ ਤੋਂ ਵੱਧ ਗਿਣਤੀ 2016 ਵਿਚ 376 ਸੀ।
