ਬਠਿੰਡਾ ‘ਚ ਪਾਕਿਸਤਾਨ ਦੀ ਹਮਾਇਤ ਵਾਲੇ ਡਰੱਗ ਤਸਕਰੀ ਕਾਰਟਲ ਦਾ ਪਰਦਾ ਫ਼ਾਸ਼, 40 ਕਿਲੋ ਹੈਰੋਇਨ ਸਮੇਤ 6 ਗ੍ਰਿਫ਼ਤਾਰ

0
WhatsApp Image 2025-07-08 at 7.15.40 PM



(ਦੁਰਗੇਸ਼ ਗਾਜਰੀ)
ਚੰਡੀਗੜ੍ਹ/ਬਠਿੰਡਾ, 8 ਜੁਲਾਈ : ਸਰਹੱਦ ਪਾਰੋਂ ਨਸ਼ਾ-ਤਸਕਰੀ ਦੀ ਸਮੱਸਿਆ ਵਿਰੁਧ ਵੱਡੀ ਸਫ਼ਲਤਾ ਹਾਸਲ ਕਰਦਿਆਂ ਬਠਿੰਡਾ ਪੁਲਿਸ ਨੇ ਛੇ ਮੁੱਖ ਨਸ਼ਾ ਤਸਕਰਾਂ ਨੂੰ 40 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਵਿਦੇਸ਼ੀ ਤਸਕਰਾਂ ਦੁਆਰਾ ਚਲਾਏ ਜਾ ਰਹੇ ਇਕ ਅੰਤਰਰਾਸ਼ਟਰੀ ਡਰੱਗ ਕਾਰਟਲ ਦਾ ਪਰਦਾ ਫ਼ਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਲਖਵੀਰ ਸਿੰਘ ਉਰਫ ਲੱਖਾ (33), ਪ੍ਰਭਜੋਤ ਸਿੰਘ (26), ਰਣਜੋਧ ਸਿੰਘ (27), ਆਕਾਸ਼ ਮਰਵਾਹਾ (21), ਰੋਹਿਤ ਕੁਮਾਰ (25) ਅਤੇ ਗੁਰਚਰਨ ਸਿੰਘ ਉਰਫ਼ ਗੁਰੀ (27) ਵਜੋਂ ਹੋਈ ਹੈ ਜੋ ਸਾਰੇ ਸ੍ਰੀ ਮੁਕਤਸਰ ਸਾਹਿਬ, ਮਲੋਟ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਲਖਵੀਰ ਸਿੰਘ ਅਤੇ ਪ੍ਰਭਜੀਤ ਸਿੰਘ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਉਨ੍ਹਾਂ ਵਿਰੁਧ ਕ੍ਰਮਵਾਰ ਅਸਲਾ ਐਕਟ ਅਤੇ ਐਨਡੀਪੀਐਸ ਐਕਟ ਨਾਲ ਸਬੰਧਤ ਮਾਮਲੇ ਦਰਜ ਹਨ। ਇਹ ਸਫ਼ਲਤਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵਲੋਂ ਪਾਕਿਸਤਾਨ ਸਥਿਤ ਤਸਕਰ ਤਨਵੀਰ ਸ਼ਾਹ ਅਤੇ ਕੈਨੇਡਾ ਸਥਿਤ ਹੈਂਡਲਰ ਜੋਬਨ ਕਲੇਰ ਦੁਆਰਾ ਚਲਾਏ ਜਾ ਰਹੇ ਡਰੱਗ ਕਾਰਟਲ ਦਾ ਪਰਦਾ ਫ਼ਾਸ਼ ਕਰਨ, ਜਿਸ ਵਿਚ ਨੌਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਰਾਜਸਥਾਨ ਦੇ ਬਾੜਮੇਰ ਵਿਚ ਅੰਤਰਰਾਸ਼ਟਰੀ ਸਰਹੱਦ ਨੇੜਿਉਂ 60.302 ਕਿਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਸੀ, ਤੋਂ ਕੁਝ ਦੇਰ ਬਾਅਦ ਸਾਹਮਣੇ ਆਈ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਪਾਕਿਸਤਾਨ ਸਥਿਤ ਹੈਂਡਲਰਾਂ ਦੁਆਰਾ ਪੰਜਾਬ ਵਿਚ ਅੱਗੇ ਵੰਡਣ ਲਈ ਭੇਜੀ ਗਈ ਸੀ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ ਤਾਕਿ ਸਰਹੱਦ-ਪਾਰੋਂ ਸੰਪਰਕਾਂ ਦਾ ਪਤਾ ਲਗਾਉਂਦਿਆਂ ਡਰੱਗ ਸਪਲਾਈ ਚੇਨ ਦਾ ਪੂਰੀ ਤਰ੍ਹਾਂ ਪਰਦਾ ਫ਼ਾਸ਼ ਕੀਤਾ ਜਾ ਸਕੇ। ਹੋਰ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਬਠਿੰਡਾ ਅਮਨੀਤ ਕੌਂਡਲ ਨੇ ਕਿਹਾ ਕਿ ਇਹ ਕਾਰਵਾਈ ਖਿ਼ੱਤੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਠੋਸ ਜਾਣਕਾਰੀ ਮਿਲਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਸੀਆਈਏ ਸਟਾਫ਼-1 ਬਠਿੰਡਾ ਦੀ ਟੀਮ ਨੇ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਅਤੇ ਉਕਤ ਛੇ ਮੁਲਜ਼ਮਾਂ ਨੂੰ ਉਨ੍ਹਾਂ ਦੀ ਫ਼ਾਰਚੂਨਰ ਕਾਰ, ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀਬੀ-53ਈ-6771 ਹੈ, ਵਿਚੋਂ 40 ਕਿਲੋ ਹੈਰੋਇਨ ਬਰਾਮਦ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ। ਐਸ.ਐਸ.ਪੀ ਨੇ ਕਿਹਾ ਕਿ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਨਸ਼ੀਲੇ ਪਦਾਰਥ ਭਾਰਤ-ਪਾਕਿਸਤਾਨ ਸਰਹੱਦ ਪਾਰੋਂ ਭੇਜੇ ਜਾ ਰਹੇ ਸਨ, ਜਿਨ੍ਹਾਂ ਨੂੰ ਬਾਅਦ ਵਿਚ ਸਥਾਨਕ ਤਸਕਰਾਂ ਵਲੋਂ ਪੰਜਾਬ ਵਿਚ ਅੱਗੇ ਵੰਡਿਆ ਜਾਂਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ-ਅਧਾਰਤ ਹੈਂਡਲਰਾਂ ਨਾਲ ਜੁੜੇ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਇਸ ਸਬੰਧੀ ਬਠਿੰਡਾ ਦੇ ਥਾਣਾ ਕੋਤਵਾਲੀ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 ਸੀ ਤਹਿਤ ਐਫ਼.ਆਈ.ਆਰ ਨੰਬਰ 132 ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *