20ਵੀਂ ਸਦੀ ਦੇ ਟਾਈਪਰਾਈਟਰ 21ਵੀਂ ਸਦੀ ਦੇ ਸਾਫ਼ਟਵੇਅਰ ਨਹੀਂ ਚਲਾ ਸਕਦੇ: ਪੀਐਮ ਮੋਦੀ


17ਵੇਂ ਬ੍ਰਿਕਸ ਸੰਮੇਲਨ ‘ਚ 31 ਪੰਨਿਆਂ ਅਤੇ 126 ਬਿੰਦੂਆਂ ਦਾ ਸਾਂਝਾ ਬਿਆਨ

ਕਿਹਾ, ਪਹਿਲਗਾਮ ਹਮਲਾ ਨਾ ਸਿਰਫ਼ ਭਾਰਤ ‘ਤੇ, ਸਗੋਂ ਪੂਰੀ ਮਨੁੱਖਤਾ ‘ਤੇ ਹਮਲਾ

ਪਹਿਲਗਾਮ ਅੱਤਵਾਦੀ ਹਮਲੇ ਅਤੇ ਇਰਾਨ ‘ਤੇ ਇਜ਼ਰਾਈਲੀ ਹਮਲੇ ਦੀ ਕੀਤੀ ਨਿੰਦਾ

ਰਿਓ ਡੀ ਜਨੇਰੀਓ, 7 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਐਤਵਾਰ ਨੂੰ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਹੋਏ 17ਵੇਂ ਬ੍ਰਿਕਸ ਸੰਮੇਲਨ ਵਿਚ ਮੈਂਬਰ ਦੇਸ਼ਾਂ ਨੇ 31 ਪੰਨਿਆਂ ਅਤੇ 126 ਬਿੰਦੂਆਂ ਦਾ ਸਾਂਝਾ ਬਿਆਨ ਜਾਰੀ ਕੀਤਾ। ਬਿਆਨ ਵਿਚ ਪਹਿਲਗਾਮ ਅੱਤਵਾਦੀ ਹਮਲੇ ਅਤੇ ਇਰਾਨ ‘ਤੇ ਇਜ਼ਰਾਈਲੀ ਹਮਲੇ ਦੀ ਨਿੰਦਾ ਕੀਤੀ ਗਈ।
ਪ੍ਰਧਾਨ ਮੰਤਰੀ ਨੇ ਕਿਹਾ, ’20ਵੀਂ ਸਦੀ ਵਿਚ ਬਣੇ ਗਲੋਬਲ ਸੰਸਥਾਨ 21ਵੀਂ ਸਦੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿਚ ਅਸਫਲ ਰਹੇ ਹਨ। ਏਆਈ ਦੇ ਯੁੱਗ ਵਿਚ ਤਕਨਾਲੋਜੀ ਨੂੰ ਹਰ ਹਫ਼ਤੇ ਅਪਡੇਟ ਕੀਤਾ ਜਾਂਦਾ ਹੈ ਪਰ ਇਕ ਗਲੋਬਲ ਸੰਸਥਾਨ 80 ਸਾਲਾਂ ਵਿਚ ਇਕ ਵਾਰ ਵੀ ਅਪਡੇਟ ਨਹੀਂ ਹੁੰਦਾ। 20ਵੀਂ ਸਦੀ ਦੇ ਟਾਈਪਰਾਈਟਰ 21ਵੀਂ ਸਦੀ ਦੇ ਸਾਫਟਵੇਅਰ ਨਹੀਂ ਚਲਾ ਸਕਦੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਦੀ ਵੱਖਰੀ ਸੋਚ ਅਤੇ ਬਹੁਧਰੁਵੀ ਦੁਨੀਆ ਵਿਚ ਵਿਸ਼ਵਾਸ ਇਸਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਬੈਂਕ ਨੂੰ ਸਿਰਫ਼ ਉਨ੍ਹਾਂ ਪ੍ਰੋਜੈਕਟਾਂ ਵਿਚ ਪੈਸਾ ਲਗਾਉਣਾ ਚਾਹੀਦਾ ਹੈ ਜੋ ਜ਼ਰੂਰੀ ਹਨ, ਲੰਬੇ ਸਮੇਂ ਦੇ ਲਾਭ ਹਨ ਅਤੇ ਜੋ ਬੈਂਕ ਦੀ ਭਰੋਸੇਯੋਗਤਾ ਨੂੰ ਬਣਾਈ ਰੱਖਣਗੇ। ਪ੍ਰਧਾਨ ਮੰਤਰੀ ਮੋਦੀ ਨੇ ਇਕ ਬ੍ਰਿਕਸ ਖੋਜ ਕੇਂਦਰ ਬਣਾਉਣ ਦਾ ਵੀ ਪ੍ਰਸਤਾਵ ਰੱਖਿਆ ਜਿੱਥੇ ਸਾਰੇ ਦੇਸ਼ ਵਿਗਿਆਨ ਅਤੇ ਤਕਨਾਲੋਜੀ ‘ਤੇ ਇਕੱਠੇ ਕੰਮ ਕਰ ਸਕਣ।
ਮੋਦੀ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਕਿਸੇ ਵੀ ਸਰੋਤ ਨੂੰ ਸਿਰਫ਼ ਆਪਣੇ ਫਾਇਦੇ ਲਈ ਜਾਂ ਹਥਿਆਰ ਵਜੋਂ ਵਰਤਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਅਜਿਹਾ ਸਿਸਟਮ ਬਣਾਉਣਾ ਚਾਹੀਦਾ ਹੈ ਜੋ ਦੱਸਦਾ ਹੈ ਕਿ ਕੋਈ ਵੀ ਡਿਜੀਟਲ ਜਾਣਕਾਰੀ ਅਸਲੀ ਹੈ ਜਾਂ ਨਹੀਂ, ਇਹ ਕਿੱਥੋਂ ਆਈ ਹੈ ਅਤੇ ਇਸਦੀ ਦੁਰਵਰਤੋਂ ਨਾ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਜਲਦੀ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ‘ਤੇ ਇਕ ਵੱਡਾ ਸੰਮੇਲਨ ਆਯੋਜਿਤ ਕਰੇਗਾ, ਜਿਸ ਵਿਚ ਇਸਦੀਆਂ ਚੁਣੌਤੀਆਂ ਅਤੇ ਚੰਗੇ ਉਪਯੋਗ ‘ਤੇ ਚਰਚਾ ਕੀਤੀ ਜਾਵੇਗੀ।
ਬ੍ਰਿਕਸ ਦੇਸ਼ਾਂ ਦੇ ਸਾਂਝੇ ਬਿਆਨ ਮੁਤਾਬਕ ਇੰਡੋਨੇਸ਼ੀਆ ਨੂੰ ਬ੍ਰਿਕਸ ਦਾ ਪੂਰਾ ਮੈਂਬਰ ਬਣਾਇਆ ਗਿਆ। ਬੇਲਾਰੂਸ, ਬੋਲੀਵੀਆ, ਕਜ਼ਾਕਿਸਤਾਨ, ਕਿਊਬਾ, ਨਾਈਜੀਰੀਆ, ਮਲੇਸ਼ੀਆ, ਥਾਈਲੈਂਡ, ਵੀਅਤਨਾਮ, ਯੂਗਾਂਡਾ ਅਤੇ ਉਜ਼ਬੇਕਿਸਤਾਨ ਨੂੰ ਬ੍ਰਿਕਸ ਭਾਈਵਾਲ ਦੇਸ਼ਾਂ ਵਜੋਂ ਸ਼ਾਮਲ ਕੀਤਾ ਗਿਆ। ਚੀਨ ਅਤੇ ਰੂਸ ਨੇ ਸੰਯੁਕਤ ਰਾਸ਼ਟਰ ਖਾਸ ਕਰਕੇ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਅਤੇ ਬ੍ਰਾਜ਼ੀਲ ਲਈ ਵੱਡੀ ਭੂਮਿਕਾ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਬ੍ਰਿਕਸ ਦੇਸ਼ ਕੋਪ30 ਦੀ ਸਫਲਤਾ ਲਈ ਵਚਨਬੱਧ ਹਨ, ਜੋ ਯੂਐਨਐਫ਼ਸੀਸੀਸੀ ਅਤੇ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਵਿਚ ਮਦਦ ਕਰੇਗਾ। 2028 ਵਿਚ ਕੋਪ33 ਦੀ ਮੇਜ਼ਬਾਨੀ ਲਈ ਭਾਰਤ ਦੀ ਉਮੀਦਵਾਰੀ ਦਾ ਸਵਾਗਤ ਕੀਤਾ ਗਿਆ।
ਬਿਆਨ ‘ਚ 2025 ਲਈ ਬ੍ਰਾਜ਼ੀਲ ਦੀ ਪ੍ਰਧਾਨਗੀ ਦੀ ਸ਼ਲਾਘਾ ਕੀਤੀ ਗਈ। ਭਾਰਤ ਨੂੰ 2026 ਵਿਚ ਬ੍ਰਿਕਸ ਪ੍ਰਧਾਨਗੀ ਸੰਭਾਲਣ ਅਤੇ 18ਵੇਂ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਸਮਰਥਨ ਦਿਤਾ ਗਿਆ। ਬ੍ਰਿਕਸ ਦੇਸ਼ਾਂ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਵਿਰੁੱਧ ਇਕਪਾਸੜ ਪਾਬੰਦੀਆਂ ਦੀ ਨਿੰਦਾ ਕੀਤੀ। ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੇ ਵਿਰੁੱਧ ਇਕਪਾਸੜ ਟੈਰਿਫ ਲਗਾਉਣ ਦੇ ਫੈਸਲਿਆਂ ‘ਤੇ ਚਿੰਤਾ ਪ੍ਰਗਟ ਕੀਤੀ ਗਈ। ਵਿਕਾਸਸ਼ੀਲ ਦੇਸ਼ਾਂ ਨਾਲ ਗੈਰ-ਭੇਦਭਾਵਪੂਰਨ ਵਿਵਹਾਰ ਸਮੇਤ ਪਾਰਦਰਸ਼ੀ ਅਤੇ ਸਮਾਵੇਸ਼ੀ ਵਪਾਰ ਪ੍ਰਣਾਲੀ ਦਾ ਸਮਰਥਨ ਕੀਤਾ ਗਿਆ।
ਬਿਆਨ ਮੁਤਾਬਕ ਅੱਤਵਾਦ ਨੂੰ ਕਿਸੇ ਵੀ ਧਰਮ, ਦੇਸ਼, ਸਭਿਅਤਾ ਜਾਂ ਨਸਲੀ ਸਮੂਹ ਨਾਲ ਜੋੜਨ ਤੋਂ ਇਨਕਾਰ ਕੀਤਾ ਗਿਆ ਹੈ। 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਅਤੇ ਇਰਾਨ ‘ਤੇ ਇਜ਼ਰਾਈਲੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ। ਸੰਯੁਕਤ ਰਾਸ਼ਟਰ ਦੁਆਰਾ ਨਾਮਜ਼ਦ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਵਿਰੁੱਧ ਠੋਸ ਕਾਰਵਾਈ ਦੀ ਮੰਗ ਕੀਤੀ ਗਈ। ਅੱਤਵਾਦ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਅਤੇ ਦੋਹਰੇ ਮਾਪਦੰਡਾਂ ਨੂੰ ਰੱਦ ਕਰਨ ‘ਤੇ ਜ਼ੋਰ ਦਿਤਾ ਗਿਆ।
ਇਸ ਦੌਰਾਨ ਭਾਰਤ ਦੀ ਬਿੱਗ ਕੈਟਸ ਅਲਾਇੰਸ ਪਹਿਲਕਦਮੀ ਦਾ ਸਵਾਗਤ ਕੀਤਾ ਗਿਆ, ਜਿਸਦਾ ਉਦੇਸ਼ ਦੁਰਲੱਭ ਪ੍ਰਜਾਤੀਆਂ, ਖਾਸ ਕਰਕੇ ਵੱਡੀਆਂ ਬਿੱਲੀਆਂ ਜਿਵੇਂ ਕਿ ਸ਼ੇਰ, ਬਾਘ ਦੀ ਸੰਭਾਲ ਲਈ ਸਹਿਯੋਗ ਕਰਨਾ ਹੈ। ਗਲੋਬਲ ਸਾਊਥ ਵਿਚ ਵਿਕਾਸ ਅਤੇ ਆਧੁਨਿਕੀਕਰਨ ਵਿਚ ਵਧ ਰਹੀ ਭੂਮਿਕਾ ਲਈ ਐਨਡੀਬੀ ਦੀ ਪ੍ਰਸ਼ੰਸਾ ਕੀਤੀ ਗਈ। ਸਥਾਨਕ ਮੁਦਰਾ ਵਿੱਤ, ਨਵੀਨਤਾ ਅਤੇ ਟਿਕਾਊ ਵਿਕਾਸ ਪ੍ਰੋਜੈਕਟਾਂ ਲਈ ਬੈਂਕ ਦੇ ਸਮਰਥਨ ਦੀ ਮੰਗ ਕੀਤੀ ਗਈ।