ਇਰਾਨ-ਇਜ਼ਰਾਈਲ ਜੰਗ ਕਾਰਨ ਭਾਰਤ ‘ਚ 60 ਤੋਂ ਵੱਧ ਉਡਾਣਾਂ ਰੱਦ


ਨਵੀਂ ਦਿੱਲੀ, 24 ਜੂਨ : ਇਰਾਨ-ਇਜ਼ਰਾਈਲ ਜੰਗ ਕਾਰਨ ਭਾਰਤ ਤੋਂ ਮੱਧ ਪੂਰਬ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਪ੍ਰਭਾਵਤ ਕਰ ਰਹੀ ਹੈ। ਵਧਦੇ ਤਣਾਅ ਅਤੇ ਹਵਾਈ ਖੇਤਰ ਬੰਦ ਹੋਣ ਕਾਰਨ ਹੁਣ ਤਕ 60 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਦਿੱਲੀ ਹਵਾਈ ਅੱਡੇ ਤੋਂ 48 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ 28 ਉਡਾਣਾਂ ਦਿੱਲੀ ਆਉਣੀਆਂ ਸਨ ਅਤੇ 20 ਦਿੱਲੀ ਤੋਂ ਜਾਣੀਆਂ ਸਨ। ਜੈਪੁਰ ਹਵਾਈ ਅੱਡੇ ਤੋਂ 6 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਮੱਧ ਪੂਰਬ ਆਉਣ ਅਤੇ ਜਾਣ ਵਾਲੀਆਂ 3-3 ਉਡਾਣਾਂ ਸ਼ਾਮਲ ਹਨ। ਯੂਏਈ-ਕਤਰ ਹਵਾਈ ਖੇਤਰ ਬੰਦ ਹੋਣ ਕਾਰਨ ਲਖਨਊ ਹਵਾਈ ਅੱਡੇ ਤੋਂ ਅਬੂ ਧਾਬੀ ਅਤੇ ਸ਼ਾਰਜਾਹ ਜਾਣ ਵਾਲੀਆਂ 2 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਅਹਿਮਦਾਬਾਦ ਹਵਾਈ ਅੱਡੇ ‘ਤੇ ਆਉਣ ਵਾਲੀਆਂ 5 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਲੰਦਨ, ਅਬੂ ਧਾਬੀ, ਦੁਬਈ, ਕੁਵੈਤ ਅਤੇ ਦੋਹਾ ਤੋਂ ਆਉਣ ਵਾਲੀਆਂ ਉਡਾਣਾਂ ਸ਼ਾਮਲ ਹਨ। ਇਸ ਦੇ ਨਾਲ ਹੀ, ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਬਈ ਜਾਣ ਵਾਲੀ ਉਡਾਣ ਐਸ.ਜੀ.-55 ਨੂੰ ਵੀ ਰੱਦ ਕਰ ਦਿਤਾ ਗਿਆ ਹੈ।
ਦਰਅਸਲ 23 ਜੂਨ ਦੀ ਰਾਤ ਨੂੰ ਇਰਾਨ ਨੇ ਆਪਣੇ ਪਰਮਾਣੂ ਠਿਕਾਣਿਆਂ ‘ਤੇ ਹਮਲਿਆਂ ਦਾ ਬਦਲਾ ਲੈਣ ਲਈ ਕਤਰ ਵਿਚ ਅਮਰੀਕੀ ਅਲ-ਉਦੀਦ ਹਵਾਈ ਫ਼ੌਜੀ ਅੱਡੇ ‘ਤੇ 6 ਮਿਜ਼ਾਈਲਾਂ ਦਾਗੀਆਂ। ਇਸ ਤੋਂ ਬਾਅਦ, ਕਤਰ, ਬਹਿਰੀਨ, ਯੂਏਈ, ਇਰਾਕ ਅਤੇ ਕੁਵੈਤ ਨੇ ਆਪਣੇ ਹਵਾਈ ਖੇਤਰ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿਤਾ।
