ਪਹਿਲੀ ਵਾਰੀ ਡਿਜੀਟਲ ਰੈਗਿੰਗ, 40 MBBS ਵਿਦਿਆਰਥੀਆਂ ਦੇ ਆਨਲਾਈਨ ਉਤਰਵਾਏ ਕੱਪੜੇ, ਮੁਅੱਤਲ

ਮੁਲਜ਼ਮ ਮੈਡੀਕਲ ਵਿਦਿਆਰਥੀਆਂ ਨੇ ਟੈਲੀਗ੍ਰਾਮ ਐਪ ’ਤੇ ਐਂਟੀ ਰੈਗਿੰਗ ਸਕੁਆਇਡ ਦੇ ਚੇਅਰਮੈਨ ਦੇ ਨਾਂ ਨਾਲ ਫਰਜ਼ੀ ਪ੍ਰੋਫਾਈਲ ਤਿਆਰ ਕੀਤੀ। ਇਸ ਤੋਂ ਬਾਅਦ ਤਿੰਨ ਤੋਂ ਚਾਰ ਗਰੁੱਪਾਂ ’ਚ ਟੈਲੀਗ੍ਰਾਮ ’ਤੇ ਵੀਡੀਓ ਕਾਲ ਰਾਹੀਂ 40 ਤੋਂ ਜ਼ਿਆਦਾ ਜੂਨੀਅਰ ਵਿਦਿਆਰਥੀਆਂ ਦੇ ਕੱਪੜੇ ਉਤਰਵਾਏ।

ਵਾਰਾਨਸੀ, 27 ਜੂਨ ( ਨਿਊਜ਼ ਟਾਊਨ ਨੈੱਟਵਰਕ ) ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਦੀ ਸਖ਼ਤੀ ਤੇ ਰੈਗਿੰਗ ਰੋਕੂ ਐਕਟ ’ਚ ਸਜ਼ਾ ਦੀ ਵਿਵਸਥਾ ਦੇ ਬਾਵਜੂਦ ਵਿਦਿਆਰਥੀਆਂ ਨੂੰ ਮਾਨਸਿਕ ਤੇ ਸਰੀਰਕ ਤਸੀਹੇ ਦਿੱਤੇ ਜਾ ਰਹੇ ਹਨ। ਜੂਨੀਅਰ ਐੱਮਬੀਬੀਐੱਸ ਵਿਦਿਆਰਥੀਆਂ ਨਾਲ ਕਾਸ਼ੀ ਹਿੰਦੂ ਯੂਨੀਵਰਸਿਟੀ (ਬੀਐੱਚਯੂ) ’ਚ ਪਹਿਲੀ ਵਾਰੀ ਡਿਜੀਟਲ ਰੈਗਿੰਗ ਦਾ ਕੇਸ ਸਾਹਮਣੇ ਆਇਆ ਹੈ। ਤਿੰਨ ਮਹੀਨੇ ਚੱਲੀ ਜਾਂਚ ’ਚ ਮੈਡੀਕਲ ਸਾਇੰਸ ਇੰਸਟੀਚਿਊਟ (ਆਈਐੱਮਐੱਸ) ਦੇ 28 ਸੀਨੀਅਰ ਵਿਦਿਆਰਥੀਆਂ ਨੂੰ ਰੈਗਿੰਗ ਦਾ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਖ਼ਿਲਾਫ਼ 25-25 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਹੋਸਟਲ ਤੋਂ ਵੀ ਮੁਲਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਲਜ਼ਮ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੁਲਾਈ ਦੇ ਦੂਜੇ ਹਫ਼ਤੇ ਯੂਨੀਵਰਸਿਟੀ ਬੁਲਾਇਆ ਗਿਆ ਹੈ।

ਮੁਲਜ਼ਮ ਮੈਡੀਕਲ ਵਿਦਿਆਰਥੀਆਂ ਨੇ ਟੈਲੀਗ੍ਰਾਮ ਐਪ ’ਤੇ ਐਂਟੀ ਰੈਗਿੰਗ ਸਕੁਆਇਡ ਦੇ ਚੇਅਰਮੈਨ ਦੇ ਨਾਂ ਨਾਲ ਫਰਜ਼ੀ ਪ੍ਰੋਫਾਈਲ ਤਿਆਰ ਕੀਤੀ। ਇਸ ਤੋਂ ਬਾਅਦ ਤਿੰਨ ਤੋਂ ਚਾਰ ਗਰੁੱਪਾਂ ’ਚ ਟੈਲੀਗ੍ਰਾਮ ’ਤੇ ਵੀਡੀਓ ਕਾਲ ਰਾਹੀਂ 40 ਤੋਂ ਜ਼ਿਆਦਾ ਜੂਨੀਅਰ ਵਿਦਿਆਰਥੀਆਂ ਦੇ ਕੱਪੜੇ ਉਤਰਵਾਏ। ਸੀਨੀਅਰਾਂ ਨੇ 10-10 ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਰੈਗਿੰਗ ਕੀਤੀ, ਜਿਸ ਨਾਲ ਕੋਈ ਫੜਿਆ ਨਹੀਂ ਜਾ ਸਕੇ। ਟਾਸਕ ’ਚ ਇਕ-ਦੂਜੇ ਨੂੰ ਥੱਪੜ ਮਾਰਨ ਲਈ ਕਿਹਾ ਗਿਆ ਤਾਂ ਕੂਲਰ ’ਚ ਪਾਣੀ ਭਰਵਾਉਣ ਦੇ ਨਾਲ ਹੀ ਕੱਪੜੇ ਧੋਣ ਤੇ ਡਾਂਸ ਕਰਵਾਉਣ ਦਾ ਮਾਮਲਾ ਵੀ ਨੋਟਿਸ ਵਿਚ ਆਇਆ ਹੈ। ਕੁਝ ਵਿਦਿਆਰਥੀਆਂ ਨੂੰ ਕਮਰੇ ’ਚ ਵੀ ਬੁਲਾਇਆ ਗਿਆ ਤੇ ਉਨ੍ਹਾਂ ਤੋਂ ਅਨੈਤਿਕ ਕੰਮ ਕਰਾਏ ਗਏ। ਵਿਰੋਧ ਕਰਨ ਵਾਲੇ ਵਿਦਿਆਰਥੀਆਂ ਨੂੰ ਕਲਾਸ ਤੋਂ ਬਾਈਕਾਟ ਦੀ ਧਮਕੀ ਦਿੱਤੀ ਗਈ। ਤਿੰਨ ਤੋਂ ਚਾਰ ਮਹੀਨੇ ਤੱਕ ਇਹ ਸਿਲਸਿਲਾ ਚੱਲਿਆ। ਲੰਬੇ ਸਮੇਂ ਤੋਂ ਸ਼ੋਸ਼ਣ ਝੱਲ ਰਹੇ ਵਿਦਿਆਰਥੀਆਂ ਨੇ ਯੂਜੀਸੀ ਨੂੰ ਮੇਲ ਰਾਹੀਂ ਸ਼ਿਕਾਇਤ ਕੀਤੀ ਤਾਂ ਬੀਐੱਚਯੂ ਦੇ ਐਂਟੀ ਰੈਗਿੰਗ ਸਕੁਆਇਡ ਨੇ ਜਾਂਚ ਸ਼ੁਰੂ ਕੀਤੀ ਤੇ 28 ਵਿਦਿਆਰਥੀਆਂ ਨੂੰ ਦੋਸ਼ੀ ਪਾਇਆ ਗਿਆ। ਸਕੁਆਇਡ ਦੀ ਚੇਅਰਪਰਸਨ ਪ੍ਰੋ. ਰਾਇਨਾ ਸਿੰਘ ਨੇ ਕਿਹਾ ਕਿ ਰੈਗਿੰਗ ਨੂੰ ਲੈ ਕੇ ਯੂਨੀਵਰਸਿਟੀ ਬਹੁਤ ਸਖ਼ਤ ਹੈ। ਅਜਿਹੇ ਮਾਮਲਿਆਂ ’ਚ ਤੁਰੰਤ ਕਾਰਵਾਈ ਕੀਤੀ ਜਾਵੇਗੀ।

