ਅੰਮ੍ਰਿਤਸਰ ‘ਚ ਸ੍ਰੀ ਗੁਰੂ ਰਾਮਦਾਸ ਸਰਾਂ ਨੇੜਿਉ ਇਕ ਸਾਲ ਦੀ ਬੱਚੀ ਅਗ਼ਵਾ


(ਦੁਆਰਕਾ ਨਾਥ ਰਾਣਾ)
ਅੰਮ੍ਰਿਤਸਰ, 27 ਜੂਨ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਜੁੜੀ ਸ੍ਰੀ ਗੁਰੂ ਰਾਮਦਾਸ ਰਾਏ ਵਿਚੋਂ ਇਕ ਬੱਚੀ ਅਗ਼ਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਤੋਂ ਸੁਸ਼ਮਾ ਦੇਵੀ ਨਾਮ ਦੀ ਇਕ ਔਰਤ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਸੀ, ਜਿਸ ਦੀ ਇਕ ਔਰਤ ਵਲੋਂ ਇਕ ਬੱਚੀ ਅਗ਼ਵਾ ਕਰ ਲਈ ਗਈ ਹੈ। ਅਗ਼ਵਾ ਦੀ ਇਹ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ, ਜਿਸ ਦੀ ਪੁਲਿਸ ਵਲੋਂ ਤੇਜ਼ੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੁਸ਼ਮਾ ਆਪਣੇ 3 ਬੱਚਿਆਂ ਨਾਲ ਅੰਮ੍ਰਿਤਸਰ ਆਈ ਸੀ। ਉਹ ਇਥੇ ਸ੍ਰੀ ਗੁਰੂ ਰਾਮਦਾਸ ਸਰਾਂ ਵਿਖੇ ਰਹਿ ਰਹੀ ਸੀ। ਇਸ ਦੌਰਾਨ ਉਸ ਨੂੰ ਇਕ ਮਹਿਲਾ ਮਿਲੀ ਜਿਸ ਨੇ ਪਹਿਲਾਂ ਸੁਸ਼ਮਾ ਨਾਲ ਦੋਸਤੀ ਕੀਤੀ ਅਤੇ ਬਹਾਨਾ ਮਾਰ ਕੇ ਉਸ ਦੀ ਬੱਚੀ ਨੂੰ ਅਗ਼ਵਾ ਕਰਕੇ ਲੈ ਗਈ। ਫਿਲਹਾਲ ਪੁਲਿਸ ਇਸ ਬੱਚੇ ਦੀ ਪੜਤਾਲ ਕਰਨ ‘ਤੇ ਲੱਗੀ ਹੋਈ ਹੈ। ਦਸਿਆ ਜਾ ਰਿਹਾ ਹੈ ਅਗ਼ਵਾ ਬੱਚੀ 1 ਸਾਲ ਦੀ ਹੈ। ਉਸ ਦਾ ਨਾਮ ਮੁਸਕਾਨ ਹੈ। ਪੀੜਤ ਸੁਸ਼ਮਾ ਦੇਵੀ ਪਤਨੀ ਸੁਨੀਲ, ਇਹ ਪਰਿਵਾਰ ਪੁਰਾਣੀ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਪਿਛਲੇ 5 ਦਿਨਾਂ ਤੋਂ ਗੁਰੂ ਰਾਮਦਾਸ ਸਰਾਂ ਵਿਖੇ ਠਹਿਰਿਆ ਹੋਇਆ ਸੀ। ਬੱਚੀ ਦੇ ਅਗ਼ਵਾ ਹੋਣ ਦੀ ਘਟਨਾ ਸਵੇਰੇ ਲਗਭਗ 10:00 ਵਜੇ ਵਾਪਰੀ ਜਿਸ ਸਬੰਧੀ ਸੁਸ਼ਮਾ ਦੇਵੀ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿਤੀ ਹੈ ਅਤੇ ਪੁਲਿਸ ਚੌਕੀ ਗਲਿਆਰਾ ਵਲੋਂ ਜਾਂਚ ਕੀਤੀ ਜਾ ਰਹੀ ਹੈ।