ਹੁਣ ਪੁਲਿਸ ਕੋਲ ਜਾਣ ਦੀ ਬਜਾਏ ਦਿਤੀ ਜਾਵੇਗੀ ਰੰਗਦਾਰੀ : ਸੁਨੀਲ ਜਾਖੜ


ਸੁਨੀਲ ਜਾਖੜ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਮਾਨ ਸਰਕਾਰ ‘ਤੇ ਸਾਧਿਆ ਨਿਸ਼ਾਨਾ
ਕਿਹਾ, ਸੰਜੇ ਵਰਮਾ ਦੀ ਚਿਤਾ ਨਹੀਂ ਬਲੀ, ਸਗੋਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਚਿਤਾ ਸੜੀ
ਸੰਜੇ ਵਰਮਾ ਦੇ ਅੰਤਿਮ ਸਸਕਾਰ ਦੌਰਾਨ ਉਨ੍ਹਾਂ ਦੇ ਭਰਾ ਜਗਤ ਵਰਮਾ ਨੇ ਵੀ ਪੁੱਛੇ ਸਵਾਲ
ਚੰਡੀਗੜ੍ਹ, 8 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਫਾਜ਼ਿਲਕਾ ਦੇ ਅਬੋਹਰ ਵਿਚ ਨਿਊ ਵੇਅਰਵੈੱਲ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦੀ ਸੋਮਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਸ਼ਿਵਪੁਰੀ, ਇੰਦਰਾ ਨਗਰੀ ਵਿਚ ਕੀਤਾ ਗਿਆ। ਇਸ ਦੌਰਾਨ ‘ਆਪ’, ਭਾਜਪਾ, ਕਾਂਗਰਸ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾ ਇੱਥੇ ਪਹੁੰਚੇ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਗੈਂਗਸਟਰ ਰਾਜ ਦੇ ਮੁੱਦੇ ‘ਤੇ ਇਕ ਦੂਜੇ ਨੂੰ ਘੇਰ ਲਿਆ।
ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਅਬੋਹਰ ਵਿਚ ਕਾਰੋਬਾਰੀ ਸੰਜੈ ਵਰਮਾ ਦੀ ਚਿਤਾ ਨਹੀਂ ਬਲੀ, ਸਗੋਂ ਇਹ ਚਿਤਾ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸੜੀ ਹੈ। ਇਸ ਘਿਨੌਣੇ ਅਪਰਾਧ ਤੋਂ ਬਾਅਦ ਨਾ ਕੇਵਲ ਅਬੋਹਰ ਸਗੋਂ ਪੂਰੇ ਪੰਜਾਬ ਦੇ ਵਪਾਰੀਆਂ ਵਿਚ ਇਸ ਕਦਰ ਡਰ ਹੈ ਕਿ ਹੁਣ ਜੇ ਕਿਸੇ ਨੂੰ ਫਿਰੌਤੀ ਲਈ ਕਾਲ ਆਈ ਤਾਂ ਬੰਦਾ ਪੁਲਿਸ ਕੋਲ ਜਾਣ ਦੀ ਬਜਾਏ ਰੰਗਦਾਰੀ ਦੇਕੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਬਚਾਉਣ ਬਾਰੇ ਸੋਚੇਗਾ। ਇਹ ਕਿਸੇ ਵੀ ਸਰਕਾਰ ਲਈ ਸਭ ਤੋਂ ਵੱਡੀ ਅਸਫਲਤਾ ਹੁੰਦੀ ਹੈ। ਕੀ ਮੁੱਖ ਮੰਤਰੀ ਭਗਵੰਤ ਸਿਘ ਮਾਨ ਦਾ ਇਸ ਪਾਸੇ ਕੋਈ ਧਿਆਨ ਹੈ ਜਾਂ ਫਿਰ ਹਾਲੇ ਵੀ ਝੂਠੇ ਵਾਅਦੇ ਕਰਕੇ ਹੀ ਵਕਤ ਲੰਘਾਏਗੀ।
ਸੰਜੇ ਵਰਮਾ ਦੇ ਅੰਤਿਮ ਸਸਕਾਰ ਦੌਰਾਨ, ਉਨ੍ਹਾਂ ਦੇ ਭਰਾ ਜਗਤ ਵਰਮਾ ਨੇ ਹੰਝੂਆਂ ਭਰੀ ਆਵਾਜ਼ ਵਿਚ ਮੋਦੀ ਸਰਕਾਰ ਨੂੰ ਪੁੱਛਿਆ ਕਿ ਉਹ ਗੈਂਗਸਟਰਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ। ਉਨ੍ਹਾਂ ਨੂੰ ਦੇਸ਼ ਭਰ ਵਿਚ ਪਨਾਹ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨਾ ਟੈਕਸ ਦੇਣ ਤੋਂ ਬਾਅਦ ਵੀ ਦੇਸ਼ ਵਿਚ ਕਾਰੋਬਾਰੀਆਂ ਦੀ ਕੋਈ ਸੁਰੱਖਿਆ ਨਹੀਂ ਹੈ। ਉਨ੍ਹਾਂ ਸਾਰੇ ਸਿਆਸਤਦਾਨਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਇਨਸਾਫ਼ ਦੇਣ ਤਾਂ ਜੋ ਉਨ੍ਹਾਂ ਦੇ ਭਰਾ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।
