ਗਮਾਡਾ ਦੀਆਂ ਸੜਕਾਂ ਦੇ ਕੰਮਕਾਰ ‘ਚ ਢਿੱਲ-ਮੱਠ ਅਤੇ ਗ਼ੈਰ ਮਿਆਰਾਂ ਦਾ ਲਿਆ ਨੋਟਿਸ


ਪ੍ਰਮੁੱਖ ਸਕੱਤਰ ਨੂੰ ਮਾਮਲੇ ਦੀ ਜਾਂਚ ਅਤੇ ਜਵਾਬਦੇਹੀ ਨਿਸ਼ਚਤ ਕਰਨ ਨਿਰਦੇਸ਼
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵਲੋਂ ਹਵਾਈ ਅੱਡਾ ਰੋਡ ਨੂੰ ਚੌੜਾ ਕਰਨ ਦੇ ਕੰਮ ਦਾ ਕੀਤਾ ਗਿਆ ਨਿਰੀਖਣ
(ਲਖਵੀਰ ਸਿੰਘ)
ਮੋਹਾਲੀ, 27 ਜੂਨ : ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸੈਕਟਰ 65/66 ਜੰਕਸ਼ਨ ਤੋਂ ਲੈ ਕੇ ਸੈਕਟਰ 66 ਬੀ ਏਅਰਪੋਰਟ ਰੋਡ ਨੂੰ ਚੌੜਾ ਕਰਨ ਦੇ ਕੰਮ ਦਾ ਨਿਰੀਖਣ ਕੀਤਾ ਗਿਆ। ਸ. ਮੁੰਡੀਆ ਵਲੋਂ ਕੀਤੇ ਨਿਰੀਖਣ ਵਿਚ ਜਿੱਥੇ ਕੰਮ ਦੀ ਹੌਲੀ ਗਤੀ ਸਾਹਮਣੇ ਆਈ, ਉਥੇ ਕੰਮ ਵੀ ਮਿਆਰਾਂ ਮੁਤਾਬਕ ਨਹੀਂ ਹੋ ਰਿਹਾ ਸੀ ਜਿਨ੍ਹਾਂ ਦਾ ਉਨ੍ਹਾਂ ਮੌਕੇ ਉਤੇ ਹੀ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਫਿਟਕਾਰ ਲਗਾਈ। ਉਨ੍ਹਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਜਵਾਬਦੇਹੀ ਨਿਸ਼ਚਤ ਕਰਨ ਦੇ ਨਿਰਦੇਸ਼ ਦਿਤੇ। ਉਨ੍ਹਾਂ ਕਿਹਾ ਕਿ ਕਾਗ਼ਜ਼ਾਂ ਵਿਚ ਕੰਮ ਦੀ ਦਿਖਾਈ ਪ੍ਰਗਤੀ ਦੇ ਉਲਟ ਜ਼ਮੀਨ ਉਤੇ ਕੰਮ ਘੱਟ ਹੋਇਆ ਹੈ। ਇਸ ਤੋਂ ਇਲਾਵਾ ਕੰਮ ਦੀ ਗੁਣਵੱਤਾ ਵੀ ਮਿਆਰਾਂ ਮੁਤਾਬਕ ਨਹੀਂ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹੇ ਵਿਭਾਗ ਦਾ ਕੋਈ ਅਧਿਕਾਰੀ ਜਾਂ ਠੇਕੇਦਾਰ ਇਸ ਲਈ ਜ਼ਿੰਮੇਵਾਰ ਹੋਵੇਗਾ, ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ. ਮੁੰਡੀਆ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿਥੇ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਸ਼ਹਿਰਾਂ ਦੇ ਯੋਜਨਾਬਧ ਵਿਕਾਸ ਲਈ ਵਚਨਬਧ ਹੈ, ਉਥੇ ਸਰਕਾਰੀ ਕੰਮਕਾਰ ਵਿਚ ਕੋਈ ਵੀ ਢਿੱਲ-ਮੱਠ ਅਤੇ ਲਾਪ੍ਰਵਾਹੀ ਬਰਦਾਸ਼ਤ ਨਹੀਂ ਕਰੇਗੀ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਅਰਸੇ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸੂਬੇ ਦਾ ਸਭ ਤੋਂ ਵਿਕਸਤ ਹੋਇਆ ਸ਼ਹਿਰ ਹੈ ਜਿਥੇ ਕੌਮਾਂਤਰੀ ਹਵਾਈ ਅੱਡੇ ਦੇ ਨਾਲ ਰਿਹਾਇਸ਼ੀ ਵਸੋਂ ਅਤੇ ਕਾਰਪੋਰੇਟ ਦਫ਼ਤਰਾਂ ਦੀ ਗਿਣਤੀ ਵਧੀ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵਲੋਂ ਇਸ ਖੇਤਰ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ ਅਤੇ ਉਹ ਖ਼ੁਦ ਸਮੇਂ-ਸਮੇਂ ਉਤੇ ਇਥੇ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਦੇ ਰਹਿਣਗੇ।