ਪੰਜਾਬ ਵਿਚ ਗ਼ੈਰ-ਪੰਜਾਬੀਆਂ ਨੂੰ ਮਿਲ ਰਹੀਆਂ ਹਨ ਸਰਕਾਰੀ ਨੌਕਰੀਆਂ

0
punjab

ਪਸ਼ੂ ਪਾਲਣ ਵਿਭਾਗ ਵਿਚ 5 ਵਿਚੋਂ 4 ਗ਼ੈਰ-ਪੰਜਾਬੀ ਕੀਤੇ ਨਿਯੁਕਤ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 26 ਜੁਲਾਈ : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ, ਉਥੇ ਹੀ ਇਹ ਦਾਅਵੇ ਉਸ ਸਮੇਂ ਬੇਨਕਾਬ ਸਾਬਿਤ ਹੋਏ ਜਦੋਂ ਗੈਰ ਪੰਜਾਬੀ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿਤੀ ਗਈ ਅਤੇ ਪੰਜਾਬੀ ਨੌਜਵਾਨਾਂ ਨੂੰ ਅਣਗੌਲਿਆ ਗਿਆ। ਪੰਜਾਬ ਸਰਕਾਰ ਵਲੋਂ ਪਸ਼ੂ ਪਾਲਣ ਵਿਭਾਗ ’ਚ ਦਿਤੀਆਂ 5 ਨੌਕਰੀਆਂ ਵਿਚੋਂ 4 ਗ਼ੈਰ-ਪੰਜਾਬੀ ਹਨ। ਮਿਲੀ ਜਾਣਕਾਰੀ ਮੁਤਾਬਕ ਡਾਇਰੈਕਟੋਰੇਟ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਪੰਜਾਬ ’ਚ ਵੈਟਰਨੀ ਇੰਸਪੈਕਟਰ ਦੀ ਅਸਾਮੀ ਭਰੀਆਂ ਗਈਆਂ। ਵਿਭਾਗ ਵਲੋਂ ਇਸ ਸਬੰਧੀ 5 ਅਸਾਮੀਆਂ ਕੱਢੀਆਂ ਗਈਆਂ ਸੀ ਜਿਨ੍ਹਾਂ ਨੂੰ ਭਰ ਦਿਤਾ ਗਿਆ ਹੈ। ਪਰ ਇਸ ਦੌਰਾਨ ਸਰਕਾਰ ਵਲੋਂ ਪੰਜਾਬ ਦੇ ਸਿਰਫ਼ ਇਕ ਨੌਜਵਾਨ ਨੂੰ ਨੌਕਰੀ ਦਿਤੀ ਗਈ ਹੈ ਜਦਕਿ ਬਾਕੀ ਸਾਰੇ ਨੌਜਵਾਨ ਗ਼ੈਰ ਸੂਬੇ ਦੇ ਨੌਜਵਾਨ ਹਨ। ਪੰਜਾਬ ਸਰਕਾਰ ਵਲੋਂ ਪੰਜਾਬ ਪਸ਼ੂ ਪਾਲਣ ਵਿਭਾਗ ’ਚ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਨੌਕਰੀ ਦਿਤੀ ਗਈ ਹੈ। ਜਦਕਿ ਪੰਜਾਬੀ ਨੌਜਵਾਨਾਂ ਨੂੰ ਅਣਗੌਲਿਆ ਗਿਆ ਹੈ। ਰੋਜ਼ਾਨਾ ਨਿਊਜ਼ ਟਾਊਨ ਨੂੰ ਜਿਹੜੀ ਸੂਚੀ ਪ੍ਰਾਪਤ ਹੋਈ ਹੈ, ਉਸ ਮੁਤਾਬਕ ਪਸ਼ੂ ਪਾਲਣ ਵਿਭਾਗ ’ਚ ਮੁਨੀਸ਼ ਕੁਮਾਰ ਜੋ ਕਿ ਸਿਰਸਾ ਦਾ ਰਹਿਣ ਵਾਲਾ ਹੈ, ਦੀ ਪੋਸਟਿੰਗ ਹੁਸ਼ਿਆਰਪੁਰ ਵਿਚ ਕੀਤੀ ਗਈ ਹੈ। ਦੂਜੇ ਪਾਸੇ ਵਿਜੇਂਦਰ ਕੁਮਾਰ ਜੋ ਕਿ ਹਿਸਾਰ ਦਾ ਰਹਿਣ ਵਾਲਾ ਹੈ, ਉਸ ਦੀ ਪੋਸਟਿਗ ਲੁਧਿਆਣਾ ’ਚ ਕੀਤੀ ਗਈ ਹੈ। ਵਿਕਾਸ ਭਾਦੂ ਜੋ ਰਾਜਸਥਾਨ ਦਾ ਰਹਿਣ ਵਾਲਾ ਹੈ, ਦੀ ਪੋਸਟਿਗ ਸ਼ਹੀਦ ਭਗਤ ਸਿੰਘ ਨਗਰ ਵਿਚ ਕੀਤੀ ਗਈ ਹੈ। ਇਸ ਤੋਂ ਇਲਾਵਾ ਅਭਿਸ਼ੇਕ ਜੋ ਕਿ ਫ਼ਤਹਿਪੁਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਦੀ ਪੋਸਟਿੰਗ ਜਲੰਧਰ ਵਿਖੇ ਕੀਤੀ ਗਈ। ਪਸ਼ੂ ਪਾਲਣ ਵਿਭਾਗ ’ਚ ਵਿਪਨ ਕੁਮਾਰ ਜੋ ਪਿੰਡ ਕੱਲੂ ਤਹਿਸੀਲ ਤੇ ਜ਼ਿਲ੍ਹਾ ਫ਼ਾਜ਼ਿਲਕਾ ਦਾ ਰਹਿਣ ਵਾਲਾ ਹੈ, ਦੀ ਪੋਸਟਿੰਗ ਕਪੂਰਥਲਾ ’ਚ ਕੀਤੀ ਗਈ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਨੌਜਵਾਨ ਨੂੰ 5 ਸੀਟਾਂ ’ਚੋਂ ਇਕ ਸੀਟ ਲਈ ਚੁਣਿਆ ਗਿਆ ਹੈ। ਬਾਕੀਆਂ ਸੀਟਾਂ ਲਈ ਗ਼ੈਰ ਪੰਜਾਬੀ ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।

Leave a Reply

Your email address will not be published. Required fields are marked *