ਯਮਨ ‘ਚ ਨਿਮਿਸ਼ਾ ਪ੍ਰਿਆ ਦੀ ਫਾਂਸੀ ਹੋਈ ਰੱਦ


(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 29 ਜੁਲਾਈ : ਭਾਰਤੀ ਗ੍ਰੈਂਡ ਮੁਫਤੀ ਕਾਂਥਾਪੁਰਮ ਏ.ਪੀ. ਅਬੂਬਕਰ ਮੁਸਲੀਅਰ ਦੇ ਦਫ਼ਤਰ ਨੇ ਅੱਜ ਸਪੱਸ਼ਟ ਕਿਹਾ ਕਿ ਯਮਨ ਵਿਚ ਕਤਲ ਦੇ ਦੋਸ਼ੀ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਨੂੰ ਪਲਟ ਦਿਤਾ ਗਿਆ ਹੈ ਅਤੇ ਸਜ਼ਾ ਨੂੰ “ਪੂਰੀ ਤਰ੍ਹਾਂ” ਰੱਦ ਕਰ ਦਿਤਾ ਗਿਆ ਹੈ। ਨਿਊਜ਼ ਏਜੰਸੀ ਏ.ਐਨ.ਆਈ. ਦੀ ਰਿਪੋਰਟ ਅਨੁਸਾਰ ਗ੍ਰੈਂਡ ਮੁਫ਼ਤੀ ਦੇ ਦਫ਼ਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ, ਯਮਨ ਦੀ ਰਾਜਧਾਨੀ ਸਨਾ ਵਿਚ ਹੋਈ ਇਕ ਉੱਚ-ਪੱਧਰੀ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਇਥੇ ਨਿਮਿਸ਼ਾ ਦੀ ਮੌਤ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਨੂੰ ਪਹਿਲਾਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿਤਾ ਗਿਆ ਸੀ। ਇਹ ਦਾਅਵਾ ਭਾਰਤੀ ਗ੍ਰੈਂਡ ਮੁਫ਼ਤੀ ਏ.ਪੀ. ਅਬੂਬਕਰ ਮੁਸਲਯਾਰ ਦੇ ਦਫ਼ਤਰ ਦੇ ਹਵਾਲੇ ਨਾਲ ਕੀਤਾ ਜਾ ਰਿਹਾ ਹੈ। ਨਿਮਿਸ਼ਾ ਨੂੰ 2017 ਵਿਚ ਯਮਨੀ ਨਾਗਰਿਕ ਤਲਾਲ ਅਬਦੋ ਮਹਿਦੀ ਦੇ ਕਤਲ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਬਾਅਦ, ਹਾਲ ਹੀ ਵਿਚ ਇਹ ਐਲਾਨ ਕੀਤਾ ਗਿਆ ਸੀ ਕਿ ਉਸ ਨੂੰ 16 ਮਈ ਨੂੰ ਫਾਂਸੀ ਦਿਤੀ ਜਾਵੇਗੀ ਜਿਸ ਨੂੰ ਮੁਲਤਵੀ ਕਰ ਦਿਤਾ ਗਿਆ ਸੀ। ਪ੍ਰਿਆ ਨੂੰ ਪਹਿਲਾਂ 16 ਜੁਲਾਈ ਨੂੰ ਫਾਂਸੀ ਦਿਤੀ ਜਾਣੀ ਸੀ। ਕੇਰਲ ਦੇ ਪਲੱਕੜ ਜ਼ਿਲ੍ਹੇ ਦੀ ਰਹਿਣ ਵਾਲੀ ਨਰਸ ਪ੍ਰਿਆ ਨੂੰ 2017 ਵਿਚ ਅਪਣੇ ਯਮਨੀ ਕਾਰੋਬਾਰੀ ਸਾਥੀ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 2020 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ 2023 ਵਿਚ ਉਸ ਦੀ ਅੰਤਿਮ ਅਪੀਲ ਰੱਦ ਕਰ ਦਿਤੀ ਗਈ ਸੀ। ਉਹ ਇਸ ਸਮੇਂ ਯਮਨ ਦੀ ਰਾਜਧਾਨੀ ਸਨਾ ਦੀ ਇਕ ਜੇਲ ਵਿਚ ਬੰਦ ਹੈ।