ਨਿਹੰਗ ਸਿੰਘਾਂ ਦਾ ਪਿਆ ਰੌਲਾ, ਤਾੜ-ਤਾੜ ਚਲੀਆਂ ਗੋਲ਼ੀਆਂ

ਨਿਹੰਗ ਸਿੰਘ ਦੇ ਢਿੱਡ ‘ਚ ਲੱਗੀ ਗੋਲੀ, ਜ਼ੇਰੇ ਇਲਾਜ਼

ਫਗਵਾੜਾ 18 ਜੂਨ (ਨਿਊਜ਼ ਟਾਊਨ ਨੈੱਟਵਰਕ ) ਫਗਵਾੜਾ ਦੇ ਪਿੰਡ ਹਰਦਾਸਪੁਰ ’ਚ ਪੁਰਾਣੇ ਵਿਵਾਦ ਨੂੰ ਲੈ ਕੇ ਹੁਸ਼ਿਆਰਪੁਰ ਤੋਂ ਆਏ ਨਿਹੰਗ ਸਿੰਘਾਂ ਦੇ ਵੱਡੇ ਸਮੂਹ ਅਤੇ ਪਿੰਡ ’ਚ ਰਹਿਣ ਵਾਲੇ ਇਕ ਪੱਖ ਵਿਚਾਲੇ ਵਿਵਾਦ ਦੌਰਾਨ ਫਾਇਰਿੰਗ ਅਤੇ ਮੌਕੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਜਾਣਕਾਰੀ ਮਿਲੀ ਹੈ। ਫਾਇਰਿੰਗ ’ਚ ਇਕ ਵਿਅਕਤੀ ਦੇ ਢਿੱਡ ਵਿਚ ਗੋਲ਼ੀ ਚੱਲੀ ਹੈ ਅਤੇ ਉਸ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਪਿੰਡ ਹਰਦਾਸਪੁਰ ਵਜੋਂ ਹੋਈ ਜਦਕਿ ਨਿਹੰਗ ਸਿੰਘਾਂ ਦੇ ਜੱਥੇ ’ਚ ਸ਼ਾਮਲ ਤਿੰਨ ਨਿਹੰਗ ਸਿੰਘਾਂ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਦੀ ਪਛਾਣ ਮਲਕੀਅਤ ਸਿੰਘ, ਰਣਜੀਤ ਸਿੰਘ ਅਤੇ ਧਰਮ ਸਿੰਘ ਵਜੋਂ ਦੱਸੀ ਜਾ ਰਹੀ ਹੈ। ਤੇਜ਼ਧਾਰ ਹਥਿਆਰਾਂ ਨਾਲ ਹੋਏ ਕਥਿਤ ਹਮਲੇ ਵਿਚ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਦਾਖ਼ਲ ਕਰਵਾਇਆ ਗਿਆ ਹੈ।

ਇਸ ਦੌਰਾਨ ਸਰਕਾਰੀ ਹਸਪਤਾਲ ਦਾ ਪੂਰਾ ਕੰਪਲੈਕਸ ਪੁਲਸ ਛਾਉਣੀ ’ਚ ਤਬਦੀਲ ਹੋਇਆ ਅਤੇ ਮੌਕੇ ’ਤੇ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਵੇਖਣ ਨੂੰ ਮਿਲੀ। ਦੋਵੇਂ ਧਿਰਾਂ ਇਸ ਮਾਮਲੇ ਨੂੰ ਲੈ ਕੇ ਇਕ-ਦੂਜੇ ’ਤੇ ਦੋਸ਼ ਲਗਾ ਰਹੀਆਂ ਹਨ। ਡੀ. ਐੱਸ. ਪੀ. ਭਾਰਤ ਭੂਸ਼ਣ ਨੇ ਦੱਸਿਆ ਕਿ ਹਾਲੇ ਤੱਕ ਪੁਲਸ ਕੋਲ ਜਸਪ੍ਰੀਤ ਸਿੰਘ ਦੇ ਜ਼ਖਮੀ ਹੋਣ ਬਾਰੇ ਹੀ ਅਧਿਕਾਰਤ ਜਾਣਕਾਰੀ ਹੈ, ਜਿਸ ਨੂੰ ਝਗੜੇ ਦੌਰਾਨ ਗੋਲ਼ੀ ਲੱਗੀ ਹੈ।

ਜਦੋਂ ਪੁੱਛਿਆ ਗਿਆ ਕਿ ਵਿਵਾਦ ਵਿਚ ਤੇਜ਼ਧਾਰ ਹਥਿਆਰਾਂ ਦੇ ਹਮਲੇ ਵਿਚ ਤਿੰਨ ਨਿਹੰਗ ਸਿੰਘ ਵੀ ਜ਼ਖ਼ਮੀ ਹੋਏ ਸਨ? ਡੀ. ਐੱਸ. ਪੀ. ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਂ ਐੱਮ. ਐੱਲ. ਆਰ. ਰਿਪੋਰਟ ਨਹੀਂ ਮਿਲੀ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

