ਪਹਿਲਗਾਮ ਅੱਤਵਾਦੀ ਹਮਲੇ ‘ਚ ਐਨਆਈਏ ਦੀ ਵੱਡੀ ਕਾਰਵਾਈ, 2 ਗ੍ਰਿਫ਼ਤਾਰ


ਨਵੀਂ ਦਿੱਲੀ, 22 ਜੂਨ (ਨਿਊਜ਼ ਟਾਊਨ ਨੈੱਟਵਰਕ) : ਕਸ਼ਮੀਰ ਦੇ ਪਹਿਲਗਾਮ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਐਨਆਈਏ ਨੂੰ ਵੱਡੀ ਸਫਲਤਾ ਮਿਲੀ ਹੈ। ਏਜੰਸੀ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਾਕਿਸਤਾਨ ਤੋਂ ਲਸ਼ਕਰ-ਏ-ਤੋਇਬਾ (ਐਲਈਟੀ) ਦੇ ਅੱਤਵਾਦੀਆਂ ਨੂੰ ਪਨਾਹ ਦੇਣ ਵਿਚ ਸ਼ਾਮਲ ਸਨ। ਧਾਰਮਿਕ ਪਛਾਣ ਦੇ ਆਧਾਰ ‘ਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ 26 ਸੈਲਾਨੀ ਮਾਰੇ ਗਏ ਸਨ ਤੇ 16 ਗੰਭੀਰ ਜ਼ਖਮੀ ਹੋਏ ਸਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਮ ਪਰਵੇਜ਼ ਅਹਿਮਦ ਜੋਠਰ (ਬਟਕੋਟ, ਪਹਿਲਗਾਮ) ਅਤੇ ਬਸ਼ੀਰ ਅਹਿਮਦ ਜੋਠਰ (ਹਿੱਲ ਪਾਰਕ, ਪਹਿਲਗਾਮ) ਹਨ।
ਐਨਆਈਏ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੋਵਾਂ ਨੇ ਹਮਲੇ ਤੋਂ ਪਹਿਲਾਂ ਆਪਣੇ ਇਲਾਕੇ ਵਿਚ ਇਕ ਅਸਥਾਈ ਝੌਂਪੜੀ (ਢੋਕ) ਵਿਚ ਤਿੰਨ ਹਥਿਆਰਬੰਦ ਅੱਤਵਾਦੀਆਂ ਨੂੰ ਰੱਖਿਆ ਸੀ, ਉਨ੍ਹਾਂ ਨੂੰ ਖਾਣਾ ਖੁਆਇਆ ਸੀ ਅਤੇ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਸਨ। ਇਨ੍ਹਾਂ ਅੱਤਵਾਦੀਆਂ ਨੂੰ ਅੱਤਵਾਦੀ ਹਮਲੇ ਤੋਂ ਪਹਿਲਾਂ ਪੂਰੀ ਯੋਜਨਾ ਦੇ ਨਾਲ ਪਨਾਹ ਦਿਤੀ ਗਈ ਸੀ।
ਪਰਵੇਜ਼ ਅਤੇ ਬਸ਼ੀਰ ਦੀ ਗ੍ਰਿਫ਼ਤਾਰੀ
ਪਰਵੇਜ਼ ਅਤੇ ਬਸ਼ੀਰ ਦੀ ਗ੍ਰਿਫ਼ਤਾਰੀ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) 1967 ਦੀ ਧਾਰਾ 19 ਤਹਿਤ ਕੀਤੀ ਗਈ ਹੈ। ਐਨਆਈਏ ਨੇ ਇਹ ਮਾਮਲਾ 22 ਅਪ੍ਰੈਲ 2025 ਨੂੰ ਪਹਿਲਗਾਮ ‘ਚ ਹੋਏ ਹਮਲੇ ਤੋਂ ਬਾਅਦ ਦਰਜ ਕੀਤਾ ਸੀ। ਐਨਆਈਏ ਨੇ ਪੁਸ਼ਟੀ ਕੀਤੀ ਹੈ ਕਿ ਦੋਵੇਂ ਹਮਲਾਵਰ ਪਾਕਿਸਤਾਨ ਨਾਲ ਸਬੰਧਤ ਲਸ਼ਕਰ-ਏ-ਤੋਇਬਾ ਦੇ ਮੈਂਬਰ ਸਨ। ਇਸ ਵੇਲੇ ਇਸ ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ।
ਪਹਿਲਗਾਮ ਹਮਲੇ ਦੇ ਵਿਰੋਧ ਵਿਚ ਆਪ੍ਰੇਸ਼ਨ ਸਿੰਦੂਰ
ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿਚ ਪਹਿਲਾਂ ਭਾਰਤ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਤਹਿਤ 6-7 ਮਈ ਦੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸਥਿਤ 9 ਅੱਤਵਾਦੀ ਠਿਕਾਣਿਆਂ ‘ਤੇ ਹਮਲਾ ਕੀਤਾ। ਇਸ ਤੋਂ ਬਾਅਦ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਸਰਹੱਦ ਪਾਰ ਤੋਂ ਹਮਲਾ ਕੀਤਾ, ਜਿਸ ਕਾਰਨ ਭਾਰਤੀ ਫੌਜ ਨੇ ਪਾਕਿਸਤਾਨ ‘ਤੇ ਤੇਜ਼ੀ ਨਾਲ ਹਮਲੇ ਸ਼ੁਰੂ ਕਰ ਦਿਤੇ। ਨਤੀਜਾ ਇਹ ਨਿਕਲਿਆ ਕਿ ਪਾਕਿਸਤਾਨ ਦੇ ਕਈ ਏਅਰਬੇਸ ਤਬਾਹ ਹੋ ਗਏ। ਇਸ ਦੌਰਾਨ ਭਾਰਤ ਸਰਕਾਰ ਨੇ ਭਾਰਤ ਵਿਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿਤੇ ਤੇ ਉਨ੍ਹਾਂ ਨੂੰ ਭਾਰਤ ‘ਚੌਂ ਬਾਹਰ ਕੱਢ ਦਿਤਾ ਸੀ।
