ਡੇਰਾ ਸੱਚਾ ਸੌਦਾ ਸਮਰਥਕ ਮਨੋਹਰ ਲਾਲ ਹੱਤਿਆ ਮਾਮਲੇ ‘ਚ ਐਨ.ਆਈ.ਏ. ਵਲੋਂ ਚਾਰਜਸ਼ੀਟ ਦਾਖ਼ਲ

0
manohar_lal

ਮੋਹਾਲੀ, 2 ਜੁਲਾਈ (ਨਿਊਜ਼ ਟਾਊਨ ਨੈਟਵਰਕ) :  ਡੇਰਾ ਸੱਚਾ ਸੌਦਾ ਦੇ ਸਮਰਥਕ ਮਨੋਹਰ ਲਾਲ ਦੇ ਕਤਲ ਮਾਮਲੇ ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਮੋਹਾਲੀ ਸਥਿਤ ਆਪਣੀ ਵਿਸ਼ੇਸ਼ ਅਦਾਲਤ ਵਿਚ ਚਾਰਜਸ਼ੀਟ ਦਾਖਲ ਕਰ ਦਿਤੀ ਹੈ। ਇਹ ਚਾਰਜਸ਼ੀਟ ਕਮਲਜੀਤ ਸ਼ਰਮਾ ਉਰਫ਼ ਕਮਲ, ਰਾਮ ਸਿੰਘ ਉਰਫ਼ ਸੋਨਾ ਅਤੇ ਗਗਨਦੀਪ ਸਿੰਘ ਦੇ ਖ਼ਿਲਾਫ਼ ਦਾਖਲ ਕੀਤੀ ਗਈ ਹੈ। ਐਨ ਆਈ ਏ ਨੇ ਇਹ ਚਾਰਜਸ਼ੀਟ ਆਈਪੀਸੀ ਦੀ ਧਾਰਾ 120 ਬੀ, 307, 201, ਆਰਮਜ਼ ਐਕਟ ਦੀਆਂ ਧਾਰਾਵਾਂ 25(7), 25(8) 27(1) ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 16, 17, 18, 20, 21 ਅਤੇ 23 ਦੇ ਤਹਿਤ ਦਾਖਲ ਕੀਤੀ ਹੈ। ਮੁਲਜ਼ਮ ਕਮਲਜੀਤ ਫ਼ਰੀਦਕੋਟ ਜੇਲ੍ਹ ਵਿਚ, ਰਾਮ ਸਿੰਘ ਕਪੂਰਥਲਾ ਜੇਲ੍ਹ ਵਿਚ ਅਤੇ ਗਗਨਦੀਪ ਸਿੰਘ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਹਨ। ਤਿੰਨੋਂ ਸੁਣਵਾਈ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋਏ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 28 ਜੁਲਾਈ ਨੂੰ ਹੋਵੇਗੀ, ਜਿਸ ਦੌਰਾਨ ਗਵਾਹਾਂ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼ ਦਿਤੇ ਗਏ ਹਨ।

ਜ਼ਿਕਰਯੋਗ ਹੈ ਕਿ ਇਹ ਘਟਨਾ 20 ਨਵੰਬਰ 2020 ਨੂੰ ਬਠਿੰਡਾ ਜ਼ਿਲ੍ਹੇ ਵਿਚ ਵਾਪਰੀ ਸੀ, ਜਿੱਥੇ ਡੇਰਾ ਸੱਚਾ ਸੌਦਾ ਸਮਰਥਕ ਮਨੋਹਰ ਲਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਵਿਦੇਸ਼ੀ ਅੱਤਵਾਦੀਆਂ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ, ਇਸ ਮਾਮਲੇ ਦੀ ਜਾਂਚ ਐਨ ਆਈ ਏ ਨੂੰ ਸੌਂਪ ਦਿਤੀ ਗਈ ਸੀ। ਐਨ ਆਈ ਏ ਦੀ ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦਾ ਬਦਲਾ ਲੈਣ ਲਈ ਮਨੋਹਰ ਲਾਲ ਦਾ ਕਤਲ ਕੀਤਾ ਗਿਆ ਸੀ। ਇਹ ਕਤਲ ਕੈਨੇਡਾ ਸਥਿਤ ਅੱਤਵਾਦੀ ਹਰਦੀਪ ਸਿੰਘ ਨਿੱਝਰ ਜੋ ਕਿ ਖ਼ਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਿਤ ਸੀ ਅਤੇ ਅਰਸ਼ਦੀਪ ਸਿੰਘ ਡੱਲਾ ਵਲੋਂ ਕਰਵਾਇਆ ਗਿਆ ਸੀ। ਜਾਂਚ ਦੌਰਾਨ ਇਸ ਮਾਮਲੇ ਵਿਚ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Leave a Reply

Your email address will not be published. Required fields are marked *