ਡੇਰਾ ਬਾਬਾ ਨਾਨਕ ਦੇ ਦੋ ਪਿੰਡਾਂ ‘ਚ ਨਵੀਆਂ ਜਲ ਸਪਲਾਈ ਸਕੀਮਾਂ ਦਾ ਉਦਘਾਟਨ

0
Screenshot 2025-08-18 195107

ਗੁਰਦਾਸਪੁਰ, 18 ਅਗਸਤ  (ਨਿਊਜ਼ ਟਾਊਨ ਨੈਟਵਰਕ) : ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਵੱਲੋਂ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਾਹਰਪੁਰ ਅਤੇ ਨਾਰੋਵਾਲੀ ਵਿਖੇ 1.11 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਨਵੀਆਂ ਜਲ ਸਪਲਾਈ ਸਕੀਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਦੋਵੇਂ ਜਲ ਸਕੀਮਾਂ ਵਿਖੇ ਪੌਦੇ ਵੀ ਲਗਾਏ। ਮੁੰਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀ 100 ਫ਼ੀਸਦੀ ਵਸੋਂ ਨੂੰ ਪੀਣ ਲਈ ਸ਼ੁੱਧ ਤੇ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨਾਹਰਪੁਰ ਵਿਖੇ 62.36 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ 153 ਘਰਾਂ ਨੂੰ ਪੀਣਯੋਗ ਪਾਣੀ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਦਾ ਡੂੰਘਾ ਬੋਰ ਕਰਕੇ 25000 ਲੀਟਰ ਦੀ ਟੈਂਕੀ ਬਣਾਈ ਗਈ ਹੈ ਅਤੇ ਪਾਈਪ ਲਾਈਨ, ਸੋਲਰ ਪੈਨਲ, ਕਲੋਰੀਨੇਟਰ, ਪਾਣੀ ਦੇ ਨਵੇਂ ਕੁਨੈਕਸ਼ਨ ਆਦਿ ਦਾ ਕੰਮ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ 7.20 ਲੱਖ ਰੁਪਏ ਦੀ ਲਾਗਤ ਨਾਲ 48 ਪਖਾਨੇ ਬਣਾਏ ਗਏ ਹਨ। ਇਸੇ ਤਰ੍ਹਾਂ ਪਿੰਡ ਨਾਰੋਵਾਲੀ ਵਿਖੇ 48.68 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਪਿੰਡ ਦੇ 58 ਘਰਾਂ ਨੂੰ ਸਾਫ਼ ਤੇ ਸ਼ੁੱਧ ਪਾਣੀ ਦੀ ਸਹੂਲਤ ਮਿਲੀ ਹੈ। ਪਿੰਡ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ 4.05 ਲੱਖ ਰੁਪਏ ਖ਼ਰਚ ਕਰਕੇ 27 ਪਖਾਨੇ ਬਣਾਏ ਗਏ ਹਨ। ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ, ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਜੋਬਨ ਰੰਧਾਵਾ ਵੀ ਮੌਜੂਦ ਸਨ। ਇਸ ਮੌਕੇ ਐੱਸ.ਡੀ.ਐੱਮ. ਜਯੋਤਸਨਾ ਸਿੰਘ, ਜਲ ਸਪਲਾਈ ਵਿਭਾਗ ਦੇ ਚੀਫ਼ ਇੰਜੀਨੀਅਰ ਰਾਜੇਸ਼ ਦੂਬੇ, ਐੱਸ.ਈ. ਨਰਿੰਦਰ ਸਿੰਘ, ਐਕਸੀਅਨ ਵਿਜੇ ਕੁਮਾਰ, ਐਕਸੀਅਨ ਧਾਲੀਵਾਲ, ਐੱਸ.ਡੀ.ਓ. ਕੰਵਰਜੀਤ ਸਿੰਘ ਰੱਤੜਾ, ਐੱਸ.ਡੀ.ਓ. ਰਾਹੁਲ ਅਤੇ ਤਹਿਸੀਲਦਾਰ ਰਜਿੰਦਰ ਸਿੰਘ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਪਿੰਡ ਨਾਰੋਵਾਲੀ ਦੇ ਸਰਪੰਚ ਹੰਸਾ ਸਿੰਘ, ਪਿੰਡ ਨਾਹਰਪੁਰ ਦੇ ਸਰਪੰਚ ਕਸ਼ਮੀਰ ਸਿੰਘ, ਰਾਜਵਿੰਦਰ ਕੌਰ ਸਰਪੰਚ ਖੱਦਰ ਤੋਂ ਇਲਾਵਾ ਇਲਾਕੇ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *