ਬਿਕਰਮ ਸਿੰਘ ਮਜੀਠੀਆ ਮਾਮਲੇ ‘ਚ ਆਈ ਨਵੀਂ ਅਪਡੇਟ!


ਬੈਰਕ ਬਦਲਣ ਦੀ ਅਰਜ਼ੀ ‘ਤੇ ਵੀ ਹੋਈ ਸੁਣਵਾਈ
ਮੋਹਾਲੀ, 28 ਅਗਸਤ (ਨਿਊਜ਼ ਟਾਊਨ ਨੈਟਵਰਕ) : ਆਮਦਨ ਤੋਂ ਵੱਧ ਮਾਮਲੇ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਜੀਠੀਆ ਨੂੰ ਅੱਜ ਮੋਹਾਲੀ ਅਦਾਲਤ ਵਿਚ ਨਿਆਂਇਕ ਹਿਰਾਸਤ ਖਤਮ ਹੋਣ ਉਪਰੰਤ ਮੁੜ ਪੇਸ਼ ਕੀਤਾ ਗਿਆ ਸੀ, ਜਿਥੋਂ ਅਦਾਲਤ ਨੇ 6 ਸਤੰਬਰ ਤਕ ਨਿਆਂਇਕ ਹਿਰਾਸਤ ਵਿਚ ਵਾਧਾ ਕਰ ਦਿਤਾ ਹੈ। ਜਾਣਕਾਰੀ ਅਨੁਸਾਰ ਬਿਕਰਮ ਸਿੰਘ ਮਜੀਠੀਆ ਦੀ ਅੱਜ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ। ਇਸ ਦੇ ਨਾਲ ਹੀ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ‘ਤੇ ਬਾਅਦ ਦੁਪਹਿਰ ਤਕ ਸੁਣਵਾਈ ਹੋਈ। ਇਸ ਮੌਕੇ ਅਦਾਲਤ ਵਿਖੇ ਸਰਕਾਰੀ ਧਿਰ ਦੀ ਤਰਫ ਤੋਂ ਵਕੀਲ ਫੈਰੀ ਸੋਫਤ ਅਤੇ ਪ੍ਰੀਤ ਇੰਦਰ ਪਾਲ ਸਿੰਘ ਨੇ ਅਗਵਾਈ ਕੀਤੀ। ਜਦਕਿ ਬਚਾਅ ਧਿਰ ਦੀ ਤਰਫ ਤੋਂ ਵਕੀਲ ਐੱਚਐਸ ਧਨੋਆ ਅਤੇ ਡੀਐਸ ਸੋਬਤੀ ਅਦਾਲਤ ਵਿਚ ਮੌਜੂਦ ਰਹੇ। ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਬੈਰਕ ਬਦਲੀ ਅਰਜ਼ੀ ‘ਤੇ ਸੁਣਵਾਈ ਨੂੰ 30 ਅਗਸਤ ਤਕ ਮੁਲਤਵੀ ਕਰ ਦਿਤਾ ਹੈ। ਇਸ ਤੋਂ ਇਲਾਵਾ ਬਚਾਅ ਧਿਰ ਵਲੋਂ ਮਜੀਠੀਆ ਵਿਰੁਧ ਦਾਇਰ ਕੀਤੀ ਚਾਰਜ ਸ਼ੀਟ ਦੀ ਕਾਪੀ ਸਪਲਾਈ ਦੀ ਅਰਜ਼ੀ ਨੂੰ 2 ਸਤੰਬਰ ਲਈ ਤੈਅ ਕੀਤਾ ਹੈ।