ਲੁਧਿਆਣਾ ’ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ


ਲੁਧਿਆਣਾ, 20 ਜੂਨ (ਨਿਊਜ਼ ਟਾਊਨ ਨੈਟਵਰਕ) : ਪੰਜਾਬ ’ਚ ਲਗਾਤਾਰ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਲੁਧਿਆਣਾ ’ਚੋਂ ਕੋਰੋਨਾ ਦੇ 5 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਤੋਂ ਬਾਅਦ ਸੂਬੇ ’ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 33 ਤੱਕ ਪਹੁੰਚ ਗਈ ਹੈ।
ਜਾਣਕਾਰੀ ਮੁਤਾਬਕ ਸਿਹਤ ਵਿਭਾਗ ਨੇ ਇਨ੍ਹਾਂ ਚੋਂ 29 ਲੋਕਾਂ ਨੂੰ ਆਈਸੋਲੇਟ ਕੀਤਾ ਹੋਇਆ ਹੈ ਅਤੇ 2 ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਅਲਰਟ ਕਰਦੇ ਹੋਏ ਕਿਹਾ ਹੈ ਕਿ ਜਿਸ ’ਚ ਕੋਰੋਨਾ ਦੇ ਦੱਸੇ ਗਏ ਲੱਛਣ ਦਿਖਣ ਉਸ ਨੂੰ ਤੁਰੰਤ ਆਈਸੋਲੇਟ ਕੀਤਾ ਜਾਵੇ। ਨਾਲ ਹੀ ਲੋਕ ਮਾਸਕ ਪਾ ਕੇ ਨਜ਼ਦੀਕ ਦੇ ਹੈੱਲਥ ਸੈਂਟਰ ਵਿਖੇ ਜਾਓ।
ਪੰਜਾਬ ਦੇ ਸਿਹਤ ਵਿਭਾਗ ਨੇ ਕੋਵਿਡ-19 ਸਬੰਧੀ ਇਕ ਐਡਵਾਈਜ਼ਰੀ ਜਾਰੀ ਕੀਤੀ ਅਤੇ ਮਾਸਕ ਪਹਿਨਣ ਦੀ ਸਲਾਹ ਦਿਤੀ ਗਈ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀ ਸਲਾਹ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਕੁਝ ਹਿੱਸਿਆਂ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਮਾਮੂਲੀ ਵਾਧਾ ਹੋਣ ਕਾਰਨ ਸਾਵਧਾਨੀ ਸਬੰਧੀ ਸਲਾਹਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਪੰਜਾਬ ਰਾਜ ਵਿਚ ਸਥਿਤੀ ਕਾਬੂ ਹੇਠ ਹੈ ਅਤੇ ਸਿਹਤ ਸੰਭਾਲ ਪ੍ਰਣਾਲੀ ਪੂਰੀ ਤਰ੍ਹਾਂ ਤਿਆਰ ਹੈ, ਫਿਰ ਵੀ ਨਾਗਰਿਕਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਲਾਗ ਦੇ ਫੈਲਣ ਨੂੰ ਰੋਕਣ ਲਈ ਮੁੱਢਲੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ।
ਸਾਵਧਾਨੀ ਮੁਤਾਬਕ ਬਜ਼ੁਰਗ, ਗਰਭਵਤੀ ਔਰਤਾਂ, ਕਮਜ਼ੋਰ ਇਮਿਊਨ ਸਿਸਟਮ ਅਤੇ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਜਾਂ ਬੰਦ ਥਾਵਾਂ ‘ਤੇ ਮਾਸਕ ਪਹਿਨਣੇ ਚਾਹੀਦੇ ਹਨ। ਸਿਹਤ ਸੰਭਾਲ ਕਰਮਚਾਰੀਆਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਕੋਵਿਡ-ਉਚਿਤ ਵਿਵਹਾਰ ਦੀ ਪਾਲਣਾ ਕਰਨੀ ਚਾਹੀਦੀ ਹੈ। ਖੰਘਦੇ/ਛਿੱਕਦੇ ਸਮੇਂ ਮੂੰਹ ਅਤੇ ਨੱਕ ਨੂੰ ਰੁਮਾਲ/ਟਿਸ਼ੂ/ਕੂਹਣੀ ਦੇ ਮੋੜ ਨਾਲ ਢੱਕੋ। ਜੇਕਰ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ (ਬੁਖਾਰ, ਖੰਘ, ਸਾਹ ਲੈਣ ਵਿਚ ਤਕਲੀਫ਼) ਤਾਂ ਮਾਸਕ ਪਹਿਨੋ ਅਤੇ ਡਾਕਟਰ ਕੋਲ ਜਾਓ। ਭੀੜ ਵਾਲੀਆਂ ਜਾਂ ਘੱਟ ਹਵਾਦਾਰ ਥਾਵਾਂ ਤੋਂ ਬਚੋ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 1219 ਕੋਰੋਨਾ ਸੰਕਰਮਿਤ ਮਰੀਜ਼ ਠੀਕ ਹੋਣ ਦੇ ਨਾਲ, ਵੀਰਵਾਰ ਨੂੰ ਇਸ ਵਾਇਰਸ ਤੋਂ ਛੁਟਕਾਰਾ ਪਾਉਣ ਵਾਲੇ ਲੋਕਾਂ ਦੀ ਗਿਣਤੀ 17164 ਤੱਕ ਪਹੁੰਚ ਗਈ ਅਤੇ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 5976 ਰਹਿ ਗਈ। ਜਿਸ ਦੇ ਚੱਲਦੇ ਸਿਹਤ ਅਧਿਕਾਰੀਆਂ ਅਤੇ ਮਾਹਿਰਾਂ ਨੇ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਅਤੇ ਮਾਸਕ ਪਹਿਨਣ, ਵਾਰ-ਵਾਰ ਹੱਥ ਧੋਣ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਵਿਚ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ, ਖਾਸ ਕਰਕੇ ਜਿੱਥੇ ਕੇਸ ਵੱਧ ਰਹੇ ਹਨ।
