‘ਨੇਪਾਲੀ ਸੰਵਿਧਾਨ ਨੂੰ ਮੁੜ ਲਿਖਿਆ ਜਾਵੇ, ਤਿੰਨ ਦਹਾਕਿਆਂ ਦੀ ਲੁੱਟ ਦੀ ਹੋਵੇ ਜਾਂਚ’


–– ਜੈਨ ਜ਼ੀ ਪ੍ਰਦਰਸ਼ਨਕਾਰੀਆਂ ਦੀ ਮੰਗ—
ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਬਣ ਸਕਦੀ ਹਨ ਨੇਪਾਲ ਦੀ ਅੰਤਰਿਮ PM
ਵਿਰੋਧ ਪ੍ਰਦਰਸ਼ਨਾਂ ‘ਚ ਹੁਣ ਤਕ 24 ਲੋਕਾਂ ਦੀ ਮੌਤ ਅਤੇ ਸੈਂਕੜੇ ਲੋਕ ਹੋ ਚੁਕੇ ਜ਼ਖ਼ਮੀ
ਕਾਠਮਾਂਡੂ, 10 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਨੇਪਾਲ ਵਿਚ ਤਖ਼ਤਾ ਪਲਟ ਤੋਂ ਬਾਅਦ ਓਲੀ ਸਰਕਾਰ ਡਿੱਗ ਗਈ ਹੈ। ਰਾਸ਼ਟਰਪਤੀ ਰਾਮਚੰਦਰ ਪੌਡੇਲ, ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਲਗਭਗ 10 ਮੰਤਰੀਆਂ ਨੇ ਅਸਤੀਫਾ ਦੇ ਦਿਤਾ ਹੈ। ਇਸ ਸਮੇਂ ਸੱਤਾ ਫੌਜ ਦੇ ਹੱਥਾਂ ਵਿਚ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਪਾਬੰਦੀ ਦੇ ਵਿਰੋਧ ਵਿਚ ਪ੍ਰਦਰਸ਼ਨਾਂ ਵਿਚ ਹੁਣ ਤਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਜ਼ਖਮੀ ਹੋ ਚੁੱਕੇ ਹਨ। ਨੇਪਾਲ ਵਿਚ ਜੈਨ ਜ਼ੀ ਪ੍ਰਦਰਸ਼ਨਕਾਰੀਆਂ ਦੇ ਦਬਾਅ ਹੇਠ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਰਕਾਰ ਨੂੰ ਸੱਤਾ ਛੱਡਣੀ ਪਈ। ਅੰਦੋਲਨਕਾਰੀਆਂ ਨੇ ਸਰਕਾਰ ਨੂੰ ਹਟਾ ਦਿਤਾ ਤੇ ਹੁਣ ਉਨ੍ਹਾਂ ਨੇ ਕਈ ਸਿਆਸੀ ਅਤੇ ਸਮਾਜਿਕ ਮੰਗਾਂ ਰੱਖੀਆਂ ਹਨ। ਇਨ੍ਹਾਂ ‘ਚ ਸੰਵਿਧਾਨ ਵਿਚ ਸੋਧ ਜਾਂ ਮੁੜ ਲਿਖਣਾ, ਪ੍ਰਸ਼ਾਸਕੀ ਸੁਧਾਰ ਅਤੇ ਪਿਛਲੇ ਤਿੰਨ ਦਹਾਕਿਆਂ ਵਿਚ ਸਿਆਸਤਦਾਨਾਂ ਦੁਆਰਾ ਹੜੱਪੀਆਂ ਗਈਆਂ ਜਾਇਦਾਦਾਂ ਦੀ ਜਾਂਚ ਸ਼ਾਮਲ ਹੈ। ਅੰਦੋਲਨ ਦੌਰਾਨ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਵਿਰੋਧ ਪ੍ਰਦਰਸ਼ਨ ਵਿਚ ਸ਼ਹੀਦ ਹੋਏ ਸਾਰੇ ਲੋਕਾਂ ਨੂੰ ਅਧਿਕਾਰਤ ਤੌਰ ‘ਤੇ ਸ਼ਹੀਦ ਦਾ ਦਰਜਾ ਮਿਲੇਗਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਜ ਵਲੋਂ ਸਨਮਾਨ, ਰਾਹਤ ਅਤੇ ਸਹੂਲਤਾਂ ਦਿਤੀਆਂ ਜਾਣਗੀਆਂ। ਪ੍ਰਦਰਸ਼ਨਕਾਰੀਆਂ ਨੇ ਬੇਰੁਜ਼ਗਾਰੀ ਘਟਾਉਣ, ਪ੍ਰਵਾਸ ਰੋਕਣ ਅਤੇ ਸਮਾਜਿਕ ਬੇਇਨਸਾਫ਼ੀ ਨੂੰ ਦੂਰ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਚਲਾਉਣ ਦਾ ਵੀ ਭਰੋਸਾ ਦਿਤਾ। ਅੰਦੋਲਨਕਾਰੀਆਂ ਨੇ ਕਿਹਾ, “ਇਹ ਅੰਦੋਲਨ ਕਿਸੇ ਪਾਰਟੀ ਜਾਂ ਵਿਅਕਤੀ ਲਈ ਨਹੀਂ ਹੈ, ਸਗੋਂ ਪੂਰੀ ਪੀੜ੍ਹੀ ਅਤੇ ਦੇਸ਼ ਦੇ ਭਵਿੱਖ ਲਈ ਹੈ। ਸ਼ਾਂਤੀ ਉਦੋਂ ਹੀ ਸੰਭਵ ਹੈ ਜਦੋਂ ਇਕ ਨਵੀਂ ਰਾਜਨੀਤਿਕ ਪ੍ਰਣਾਲੀ ਦੀ ਨੀਂਹ ਰੱਖੀ ਜਾਵੇ।” ਸਮੂਹ ਨੇ ਉਮੀਦ ਪ੍ਰਗਟ ਕੀਤੀ ਕਿ ਰਾਸ਼ਟਰਪਤੀ ਅਤੇ ਨੇਪਾਲੀ ਫ਼ੌਜ ਉਨ੍ਹਾਂ ਦੇ ਪ੍ਰਸਤਾਵਾਂ ਨੂੰ ਲਾਗੂ ਕਰਨ ਵਿਚ ਲੋੜੀਂਦੀ ਭੂਮਿਕਾ ਨਿਭਾਉਣਗੇ। ਇਸ ਦੇ ਨਾਲ ਹੀ ਨੇਪਾਲ ਵਿਚ ਡੂੰਘੇ ਹੁੰਦੇ ਰਾਜਨੀਤਿਕ ਸੰਕਟ ਦੇ ਵਿਚਕਾਰ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਦਾ ਨਾਮ ਅੰਤਰਿਮ ਪ੍ਰਧਾਨ ਮੰਤਰੀ ਅਹੁਦੇ ਲਈ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜੈਨ ਜ਼ੀ ਦੀ ਇਕ ਵਰਚੁਅਲ ਮੀਟਿੰਗ ਵਿਚ ਇਸ ਪ੍ਰਸਤਾਵ ‘ਤੇ ਸਹਿਮਤੀ ਬਣੀ, ਜਿਸ ਵਿਚ ਲਗਭਗ 5 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਸੁਸ਼ੀਲਾ ਕਾਰਕੀ ਨੇਪਾਲ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਬਾਅਦ ਵਿਚ ਚੀਫ਼ ਜਸਟਿਸ ਰਹਿ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਸਥਿਤੀ ਨੂੰ ਸੰਭਾਲਣ ਲਈ ਉਨ੍ਹਾਂ ਦੇ ਨਾਮ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨੇਪਾਲ ਵਿਚ ਭ੍ਰਿਸ਼ਟਾਚਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੰਤਰੀਆਂ ਅਤੇ ਸੀਨੀਅਰ ਸਿਆਸਤਦਾਨਾਂ ਦੇ ਸਰਕਾਰੀ ਅਤੇ ਨਿੱਜੀ ਨਿਵਾਸ ਸਥਾਨਾਂ ‘ਤੇ ਹਮਲਾ ਕੀਤਾ। ਸੰਸਦ ਭਵਨ ਅਤੇ ਸੁਪਰੀਮ ਕੋਰਟ ਨੂੰ ਅੱਗ ਲਗਾ ਦਿਤੀ ਗਈ ਅਤੇ ਕਈ ਬੈਂਕਾਂ ਦੀ ਭੰਨਤੋੜ ਅਤੇ ਲੁੱਟ ਕੀਤੀ ਗਈ। ਅੰਦੋਲਨਕਾਰੀਆਂ ਨੇ ਨੌਜਵਾਨਾਂ ‘ਤੇ ਗੋਲੀਬਾਰੀ ਦਾ ਹੁਕਮ ਦੇਣ ਵਾਲੇ ਡੀਐਸਪੀ ਦਾ ਕਤਲ ਕਰ ਦਿਤਾ। ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ, ਉਨ੍ਹਾਂ ਦੀ ਪਤਨੀ ਅਤੇ ਵਿਦੇਸ਼ ਮੰਤਰੀ ਅਰਜੂ ਰਾਣਾ ਦੇਉਬਾ ਨੂੰ ਕੁੱਟਿਆ ਗਿਆ। ਸਾਬਕਾ ਪ੍ਰਧਾਨ ਮੰਤਰੀ ਝਾਲਾਨਾਥ ਖਨਲ ਦੀ ਪਤਨੀ ਰਾਜਲਕਸ਼ਮੀ ਚਿੱਤਰਾ ਨੂੰ ਉਨ੍ਹਾਂ ਦੇ ਘਰ ਵਿਚ ਬੰਦ ਕਰਕੇ ਜ਼ਿੰਦਾ ਸਾੜ ਦਿਤਾ ਗਿਆ। ਵਿੱਤ ਮੰਤਰੀ ਬਿਸ਼ਨੂ ਪੌਡੇਲ ਨੂੰ ਵੀ ਜਨਤਕ ਤੌਰ ‘ਤੇ ਕੁੱਟਿਆ ਗਿਆ। ਤਣਾਅ ਵਧਣ ਕਾਰਨ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਕਰ ਦਿਤਾ ਗਿਆ। ਫੌਜ ਨੇ ਸੁਰੱਖਿਆ ਸੰਭਾਲ ਲਈ ਹੈ ਅਤੇ ਰਾਸ਼ਟਰਪਤੀ ਰਾਮ ਚੰਦਰ ਪੌਡੇਲ ਅਤੇ ਫ਼ੌਜ ਮੁਖੀ ਅਸ਼ੋਕ ਰਾਜ ਸਿੰਗਡੇਲ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਜਮ ਵਰਤਣ ਅਤੇ ਗੱਲਬਾਤ ਲਈ ਅੱਗੇ ਆਉਣ ਦੀ ਅਪੀਲ ਕੀਤੀ।