ਨੇਪਾਲ ‘ਚ ਹੁਣ ਨਵੀਂ ਪ੍ਰਧਾਨ ਮੰਤਰੀ ਤੋਂ ਅਸਤੀਫ਼ਾ ਮੰਗਿਆ


ਕਿਹਾ, ਅਸੀਂ ਕੁਰਸੀ ’ਤੇ ਬਿਠਾਇਆ ਹੈ, ਹਟਾਉਣ ’ਚ ਸਮਾਂ ਨਹੀਂ ਲੱਗੇਗਾ
(ਨਿਊਜ਼ ਟਾਊਨ ਨੈਟਵਰਕ)
ਕਾਠਮੰਡੂ, 15 ਸਤੰਬਰ : ਨੇਪਾਲ ’ਚ ਜ਼ੈਨ-ਜੀ ਪ੍ਰਦਰਸ਼ਨਕਾਰੀਆਂ ਨੇ ਅੰਤ੍ਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਦਾ ਅਸਤੀਫ਼ਾ ਮੰਗਿਆ ਹੈ। ਉਹ ਕੈਬਨਿਟ ’ਚ ਕੀਤੇ ਗਏ ਵਿਸਥਾਰ ਨੂੰ ਲੈ ਕੇ ਨਾਰਾਜ਼ ਚੱਲ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਬੀਤੀ ਰਾਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਅਤੇ ਨਾਹਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਅੰਤ੍ਰਿਮ ਸਰਕਾਰ ਪ੍ਰਦਰਸ਼ਨਕਾਰੀਆਂ ਦੀ ਰਾਏ ਲਏ ਬਿਨਾਂ ਮੰਤਰੀਆਂ ਨੂੰ ਚੁਣ ਰਹੀ ਹੈ। ਇਨ੍ਹਾਂ ਦੀ ਅਗਵਾਈ ਸੁਦਾਨ ਗੁਰੰਗ ਕਰ ਰਹੇ ਸਨ ਅਤੇ ਉਨ੍ਹਾਂ ਧਮਕੀ ਦਿੰਦੇ ਹੋਏ ਕਿਹਾ ਕਿ ਜੇ ਅਸੀਂ ਫਿਰ ਸੜਕਾਂ ’ਤੇ ਉਤਰ ਆਏ ਤਾਂ ਸਾਨੂੰ ਕੋਈ ਰੋਕ ਨਹੀਂ ਸਕੇਗਾ ਜਿਸ ਕੁਰਸੀ ’ਤੇ ਬਿਠਾਇਆ ਹੈ, ਉਸ ਤੋਂ ਉਤਾਰ ਦਿਆਂਗੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸੀਨੀਅਰ ਵਕੀਲ ਆਰਿਆਲ ਸਰਕਾਰ ’ਚ ਦਖ਼ਲਅੰਦਾਜ਼ੀ ਕਰ ਰਹੇ ਹਨ। ਗੁਰੰਗ ਦਾ ਦੋਸ਼ ਹੈ ਕਿ ਆਰਿਆਲ ਨੇ ਖ਼ੁਦ ਨੂੰ ਗ੍ਰਹਿ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਓਮ ਪ੍ਰਕਾਸ਼ ਆਰਿਆਲ ਕਾਠਮੰਡੂ ਦੇ ਮੇਅਰ ਬਾਲੇਨ ਸ਼ਾਹ ਦੇ ਕਰੀਬੀ ਮੰਨੇ ਜਾਂਦੇ ਹਨ। ਪੀ.ਐਮ ਕਾਰਕੀ ਨੇ ਓਮ ਪ੍ਰਕਾਸ਼ ਆਰਿਆਲ ਨੂੰ ਗ੍ਰਹਿ ਅਤੇ ਕਾਨੂੰਨ ਮੰਤਰੀ, ਰਾਮੇਸ਼ਵਰ ਖਨਾਲ ਨੂੰ ਵਿੱਤ ਮੰਤਰੀ ਅਤੇ ਕੁਲਮਾਨ ਘਿਸਿੰਗ ਨੂੰ ਊਰਜਾ ਮੰਤਰੀ ਨਿਯੁਕਤ ਕੀਤਾ ਹੈ।