76 CRPF ਜਵਾਨਾਂ ਦਾ ਕਾਤਲ ਮਾਸਟਰਮਾਈਂਡ ਨਕਸਲੀ ਹਿੜਮਾ ਮਾਰ ਮੁਕਾਇਆ


ਅਮਿਤ ਸ਼ਾਹ ਨੇ ਹਿੜਮਾ ਦੇ ਖਾਤਮੇ ਲਈ ਤੈਅ ਕੀਤੀ ਸੀ 30 ਨਵੰਬਰ ਆਖਰੀ ਮਿਤੀ

ਜਗਦਲਪੁਰ, 18 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਦੇਸ਼ ਦੇ ਸਭ ਤੋਂ ਖਤਰਨਾਕ ਨਕਸਲੀ ਕਮਾਂਡਰਾਂ ਵਿੱਚੋਂ ਇੱਕ ਮਾੜਵੀ ਹਿੜਮਾ ਮੰਗਲਵਾਰ ਸਵੇਰੇ ਛੱਤੀਸਗੜ੍ਹ-ਆਂਧਰਾ ਪ੍ਰਦੇਸ਼ ਸਰਹੱਦ ‘ਤੇ ਮਰੇਡਮਿੱਲੀ ਜੰਗਲ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ। ਉਸਦੀ ਪਤਨੀ ਰਾਜੇ ਉਰਫ਼ ਰਾਜੱਕਾ ਅਤੇ ਚਾਰ ਹੋਰ ਨਕਸਲੀ ਵੀ ਮਾਰੇ ਗਏ। ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਰੱਖਿਆ ਬਲਾਂ ਨੂੰ ਹਿੜਮਾ ਨੂੰ ਖਤਮ ਕਰਨ ਲਈ 30 ਨਵੰਬਰ ਦੀ ਸਮਾਂ ਸੀਮਾ ਦਿੱਤੀ ਸੀ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਦੀ ਸਰਹੱਦ ‘ਤੇ ਸਥਿਤ ਮਰੇਡਮਿੱਲੀ ਦੇ ਸੰਘਣੇ ਜੰਗਲਾਂ ਵਿੱਚ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਕਾਰਵਾਈ ਵਿੱਚ ਹਿੜਮਾ ਨੂੰ ਆਖਰੀ ਮਿਤੀ ਤੋਂ 12 ਦਿਨ ਪਹਿਲਾਂ ਹੀ ਮਾਰ ਦਿੱਤਾ ਗਿਆ। ਹਿੜਮਾ ਪਿਛਲੇ ਦੋ ਦਹਾਕਿਆਂ ਵਿੱਚ 26 ਤੋਂ ਵੱਧ ਵੱਡੇ ਨਕਸਲੀ ਹਮਲਿਆਂ ਦਾ ਮਾਸਟਰਮਾਈਂਡ ਸੀ। ਇਨ੍ਹਾਂ ਵਿੱਚ 2010 ਦਾ ਦੰਤੇਵਾੜਾ ਹਮਲਾ ਵੀ ਸ਼ਾਮਲ ਹੈ, ਜਿਸ ਵਿੱਚ 76 ਸੀਆਰਪੀਐਫ ਜਵਾਨ ਸ਼ਹੀਦ ਹੋ ਗਏ ਸਨ। ਹਿੜਮਾ ਨੇ 2013 ਦੇ ਝਿਰਮ ਵੈਲੀ ਹਮਲੇ ਅਤੇ 2021 ਦੇ ਸੁਕਮਾ-ਬੀਜਾਪੁਰ ਹਮਲੇ ਵਿੱਚ ਵੀ ਭੂਮਿਕਾ ਨਿਭਾਈ ਸੀ। 2010 ਵਿੱਚ ਛੱਤੀਸਗੜ੍ਹ ਦੇ ਦੰਤੇਵਾੜਾ ਵਿੱਚ 76 ਫ਼ੌਜੀ ਮਾਰੇ ਗਏ ਸਨ। ਇਹ ਨਕਸਲੀ ਇਤਿਹਾਸ ਦਾ ਸਭ ਤੋਂ ਵੱਡਾ ਹਮਲਾ ਸੀ। ਹਿੜਮਾ ਇਸ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ ਚ ਬਸਵਾਰਾਜੂ ਵੀ ਸ਼ਾਮਲ ਸੀ, ਜੋ ਪਹਿਲਾਂ ਹੀ ਇੱਕ ਮੁਕਾਬਲੇ ਵਿੱਚ ਮਾਰਿਆ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਹਿੜਮਾ ਦਾ ਜਨਮ 1981 ਵਿੱਚ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ (PLGA) ਦੀ ਇੱਕ ਬਟਾਲੀਅਨ ਦਾ ਕਮਾਂਡਰ ਅਤੇ ਮਾਓਵਾਦੀ ਕੇਂਦਰੀ ਕਮੇਟੀ ਦਾ ਮੈਂਬਰ ਸੀ। ਉਹ ਬਸਤਰ ਖੇਤਰ ਦਾ ਇਸ ਉੱਚ ਲੀਡਰਸ਼ਿਪ ਵਿੱਚ ਸ਼ਾਮਲ ਹੋਣ ਵਾਲਾ ਇੱਕੋ ਇੱਕ ਆਦਿਵਾਸੀ ਮੰਨਿਆ ਜਾਂਦਾ ਸੀ। ਇਸ ਦੌਰਾਨ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਏਰਾਬੋਰ ਥਾਣਾ ਖੇਤਰ ਵਿੱਚ ਦੂਜਾ ਮੁਕਾਬਲਾ ਹੋਇਆ ਹੈ। ਇਸ ਘਟਨਾ ਵਿੱਚ ਕਈ ਨਕਸਲੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸੁਰੱਖਿਆ ਬਲ ਦੋਵਾਂ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਰੇਸ਼ਨ ਟੀਮ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
