ਨਵਜੋਤ ਸਿੱਧੂ ਨੇ ਮੁੜ ਦਿਤੇ ਸਿਆਸਤ ‘ਚ ਸਰਗਰਮ ਹੋਣ ਦੇ ਸੰਕੇਤ !


ਅੰਮ੍ਰਿਤਸਰ, 14 ਜੂਨ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਕਾਂਗਰਸ ਦੇ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਰਾਜਨੀਤੀ ਵਿਚ ਸਰਗਰਮ ਹੋਣ ਦੇ ਸੰਕੇਤ ਦਿਤੇ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਸਿੱਧੂ ਦੀ ਕਪਿਲ ਸ਼ਰਮਾ ਸ਼ੋਅ ਵਿਚ ਵਾਪਸੀ ਦੀ ਖ਼ਬਰ ਕਾਰਨ ਸੁਰਖੀਆਂ ਵਿਚ ਹਨ ਪਰ ਅੱਜ ਦਿਤੇ ਗਏ ਇਕ ਬਿਆਨ ਤੋਂ ਬਾਅਦ ਸਿੱਧੂ ਫਿਰ ਸੁਰਖੀਆਂ ਵਿਚ ਆ ਗਏ ਹਨ। ਸਿੱਧੂ ਨੇ ਰਾਜਨੀਤੀ ਵਿਚ ਵਾਪਸੀ ਦੇ ਜ਼ੋਰਦਾਰ ਸੰਕੇਤ ਦਿਤੇ ਹਨ।
ਅੰਮ੍ਰਿਤਸਰ ਵਿਚ ਦਿਤੇ ਇਕ ਬਿਆਨ ਵਿਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਰਾਜਨੀਤੀ ਵਿਚ ਕਾਰੋਬਾਰ ਕਰਨ ਲਈ ਨਹੀਂ, ਸਗੋਂ ਬਦਲਾਅ ਲਿਆਉਣ ਲਈ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ‘ਤੇ ਵੀ ਨਿਸ਼ਾਨਾ ਸਾਧਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਸਾਲਾਂ ਦੀਆਂ ਸਰਕਾਰਾਂ ਮਾਫ਼ੀਆ ਦੇ ਕੰਟਰੋਲ ਹੇਠ ਸਨ। ਪਿਛਲੇ 15 ਸਾਲਾਂ ਦੀ ਰਾਜਨੀਤੀ ਵਿਚ ਉਨ੍ਹਾਂ ‘ਤੇ ਇਕ ਵੀ ਦੋਸ਼ ਨਹੀਂ ਲਗਾਇਆ ਗਿਆ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਰਾਜਨੀਤੀ ਵਿਚ ਵਾਪਸੀ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਜਿੱਤਣਗੇ।