ਨਵਜੋਤ ਕੌਰ ਸਿੱਧੂ ਨਾਲ ਮਾਰੀ ਠੱਗੀ ਦਾ ਮਾਮਲਾ, ਪ੍ਰਾਪਰਟੀ ਵਿਚ ਨਿਵੇਸ਼ ਦੇ ਨਾਮ ‘ਤੇ ਦਿਤਾ ਸੀ ਧੋਖਾ


ਚੰਡੀਗੜ੍ਹ, (ਦੁਰਗੇਸ਼ ਗਾਜਰੀ) 4 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਪੰਜਾਬ ਦੀ ਸਾਬਕਾ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨਾਲ ਨਿਵੇਸ਼ ਦਾ ਵਾਅਦਾ ਕਰਕੇ 10.5 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ੀ ਗਗਨਦੀਪ ਸਿੰਘ ਨੂੰ ਅਜੇ ਤਕ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਮੁਲਜ਼ਮ ਗਗਨਦੀਪ ਸਿੰਘ ਇਸ ਸਮੇਂ ਦੁਬਈ ਵਿਚ ਲੁਕਿਆ ਹੋਇਆ ਹੈ। ਹਾਈ ਕੋਰਟ ਨੇ ਗਗਨਦੀਪ ਸਿੰਘ ਨੂੰ ਅਗਲੇ ਮੰਗਲਵਾਰ ਤੋਂ ਪਹਿਲਾਂ ਦੇਸ਼ ਵਾਪਸ ਆਉਣ ਅਤੇ ਅਪਣਾ ਪਾਸਪੋਰਟ ਜਮ੍ਹਾਂ ਕਰਨ ਦਾ ਹੁਕਮ ਦਿਤਾ ਹੈ, ਉਸ ਤੋਂ ਬਾਅਦ ਤੁਹਾਡੀ ਪਟੀਸ਼ਨ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਕਿ 2019 ਵਿਚ ਗਗਨਦੀਪ ਸਿੰਘ ਨਾਮ ਦੇ ਇਕ ਵਿਅਕਤੀ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਜੋ ਕਿ ਖ਼ੁਦ ਇਕ ਸਾਬਕਾ ਸੰਸਦੀ ਸਕੱਤਰ ਹੈ, ਨੂੰ ਚੰਗੇ ਮੁਨਾਫ਼ੇ ਦਾ ਵਾਅਦਾ ਕਰਕੇ 10.5 ਕਰੋੜ ਰੁਪਏ ਦੀ ਜਾਇਦਾਦ ਵਿਚ ਨਿਵੇਸ਼ ਕਰਵਾਇਆ ਸੀ ਪਰ ਉਸ ਤੋਂ ਬਾਅਦ ਉਸ ਨੇ ਕੁਝ ਨਹੀਂ ਕੀਤਾ। ਨਵਜੋਤ ਕੌਰ ਸਿੱਧੂ ਉਸ ਬਾਰੇ ਸ਼ਿਕਾਇਤਾਂ ਕਰਦੇ ਰਹੇ ਅਤੇ ਪੈਸੇ ਵਾਪਸ ਮੰਗਦੇ ਰਹੇ। ਅਖ਼ੀਰ ਨਵਜੋਤ ਕੌਰ ਸਿੱਧੂ ਨੇ ਪਿਛਲੇ ਸਾਲ ਅੰਮ੍ਰਿਤਸਰ ਵਿਚ ਗਗਨਦੀਪ ਸਿੰਘ ਵਿਰੁਧ ਕੇਸ ਦਾਇਰ ਕੀਤਾ ਸੀ। ਗਗਨਦੀਪ ਸਿੰਘ ਨੇ ਉਸੇ ਮਾਮਲੇ ਵਿਚ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦਾ ਅੱਜ ਨਵਜੋਤ ਕੌਰ ਸਿੱਧੂ ਦੇ ਵਕੀਲ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਹਾਈ ਕੋਰਟ ਨੇ ਸੁਣਵਾਈ ਮੁਲਤਵੀ ਕਰ ਦਿਤੀ ਹੈ, ਮੁਲਜ਼ਮ ਗਗਨਦੀਪ ਸਿੰਘ ਨੂੰ ਅਗਲੇ ਮੰਗਲਵਾਰ ਤਕ ਅਪਣਾ ਪਾਸਪੋਰਟ ਅਦਾਲਤ ਵਿਚ ਜਮ੍ਹਾਂ ਕਰਵਾਉਣ ਦਾ ਹੁਕਮ ਦਿਤਾ ਹੈ।