ਪ੍ਰਦੂਸ਼ਣ ਫੈਲਾਅ ਰਹੀਆਂ ਫ਼ੈਕਟਰੀਆਂ ਵਿਰੁਧ ਨੰਗੇ ਧੜ ਰੋਸ ਮਾਰਚ


50 ਪੰਚਾਇਤਾਂ ਨੇ ਪੇਸ਼ ਕੀਤਾ ਵਿਰੋਧ ਮਤਾ
(ਸੁਖਵਿੰਦਰ ਸਿੰਘ ਸੁੱਖੀ)
ਮੋਰਿੰਡਾ, 18 ਅਕਤੂਬਰ : ਪੰਜਾਬ ਵਿੱਚ ਵੱਧ ਰਹੇ ਉਦਯੋਗਿਕ ਪ੍ਰਦੂਸ਼ਣ ਵਿਰੁਧ ਆਵਾਜ਼ ਚੁਕਦਿਆਂ, ਸ੍ਰੀ ਚਮਕੌਰ ਸਾਹਿਬ ਮੋਰਚਾ, ਤਲਵੰਡੀ ਸਾਬੋ ਮੋਰਚਾ ਮਾਨਸਾ, ਕਮਾਲੂ ਟਾਇਰ ਫੈਕਟਰੀ ਮੋਰਚਾ ਬਠਿੰਡਾ ਅਤੇ ਪੀ ਏ ਸੀ ਮੱਤੇਵਾੜਾ ਵਲੋਂ ਸਾਂਝੇ ਤੌਰ ‘ਤੇ ਵੱਡਾ ਰੋਸ ਮਾਰਚ ਕੱਢਿਆ ਗਿਆ। ਇਸ ਮਾਰਚ ਵਿਚ ਸ਼ਾਮਲ ਵੱਡੀ ਗਿਣਤੀ ਵਿਚ ਔਰਤਾਂ, ਨੌਜਵਾਨ ਲੜਕੀਆਂ ਤੇ ਲੋਕਾਂ ਦੇ ਜੋਸ਼ ਨੇ ਇਕ ਵਾਰ ਫਿਰ ਸਾਬਤ ਕਰ ਦਿਤਾ ਕਿ ਪੰਜਾਬ ਦੀ ਜਨਤਾ ਆਪਣੇ ਹੱਕਾਂ ਅਤੇ ਵਾਤਾਵਰਣ ਦੀ ਰੱਖਿਆ ਲਈ ਇਕਜੁੱਟ ਹੋ ਕੇ ਲੜਨ ਲਈ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਸੀਨੀਅਰ ਆਗੂ ਖੁਸ਼ਇੰਦਰ ਸਿੰਘ ਨੇ ਦੱਸਿਆ ਕਿ ਇਹ ਮਾਰਚ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਸ਼ੁਰੂ ਹੋਇਆ ਜੋ ਕਿ ਸੀ ਪੀ ਮਾਲ ਚੌਕ ਤੋਂ ਹੁੰਦਾ ਹੋਇਆ, ਪੀ ਬੀ ਟੀ ਆਈ ਕੰਪਲੈਕਸ ਸੈਕਟਰ 81 ਮੋਹਾਲੀ ਤਕ ਪੈਦਲ ਗਿਆ। ਜਿਥੇ ਇਨ੍ਹਾਂ ਮੋਰਚਿਆਂ ਦੇ ਆਗੂਆਂ ਨੇ ਚੇਅਰਮੈਨ ਸੀਆ ਦੇ ਨਾਮ ਇਕ ਮੰਗ-ਪੱਤਰ ਸੌਂਪਿਆ। ਉਨ੍ਹਾਂ ਦੱਸਿਆ ਕਿ ਮੰਗ-ਪੱਤਰ ਵਿਚ ਮੰਗ ਕੀਤੀ ਗਈ ਕਿ ਪਿੰਡ ਧੌਲਰਾਂ ਵਿਖੇ ਬਣ ਰਹੀ ਪੇਪਰ ਮਿਲ ਅਤੇ ਟਾਇਰ ਫੈਕਟਰੀ ਨੂੰ ਤੁਰੰਤ ਰੋਕਿਆ ਜਾਵੇ ਕਿਉਂਕਿ ਇਹ ਇਲਾਕੇ ਦੀ ਹਵਾ, ਪਾਣੀ ਅਤੇ ਮਿੱਟੀ ਨੂੰ ਗੰਧਲਾ ਕਰ ਰਹੀ ਹੈ।
