ਟਰਾਲੀ ਚੋਰੀ ਦੇ ਦੋਸ਼ਾਂ ਕਾਰਨ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਦਾ ਅਸਤੀਫ਼ਾ

0
WhatsApp Image 2025-09-16 at 4.54.18 PM

(ਨਿਊਜ਼ ਟਾਊਨ ਨੈਟਵਰਕ)

ਨਾਭਾ, 16 ਸਤੰਬਰ : ਨਾਭਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਅਸਤੀਫ਼ ਲੈ ਲਿਆ ਹੈ। ਵਿਧਾਇਕ ਦੇਵ ਮਾਨ ਵਲੋਂ ਵਿਰੋਧ ਕਰ ਰਹੇ ਕੌਂਸਲਰਾਂ ਦੇ ਨਾਲ ਮੀਟਿੰਗ ਕਰਕੇ ਇਹ ਐਲਾਨ ਕੀਤਾ ਹੈ। ਬੀਤੇ ਦਿਨੀਂ ਨਗਰ ਕੌਂਸਲ ਦੇ ਜ਼ਿਆਦਾਤਰ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨਾਲ ਸਬੰਧਤ ਪ੍ਰਧਾਨ ਸੁਜਾਤਾ ਚਾਵਲਾ ਵਿਰੁਧ ਬੇਭਰੋਸਗੀ ਮਤਾ ਪਾਇਆ ਸੀ। ਦਰਅਸਲ ‘ਚ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ’ਤੇ ਸ਼ੰਭੂ ਮੋਰਚੇ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਦੇ ਆਰੋਪ ਲੱਗਣ ਤੋਂ ਬਾਅਦ ਪਿਛਲੇ ਦਿਨੀਂ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਖਿਲਾਫ਼ 17 ਕੌਂਸਲਰਾਂ ਨੇ ਬੇਭਰੋਸਗੀ ਦਾ ਮਤਾ ਪਾਇਆ ਸੀ ਜਿਸ ਉਤੇ ਅੱਜ 16 ਸਤੰਬਰ ਨੂੰ ਨਗਰ ਕੌਂਸਲ ਨਾਭਾ ਵਿਖੇ ਵੋਟਿੰਗ ਹੋਣੀ ਸੀ। ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਆਪ ਆਗੂ ਦੀ ਵਰਕਸ਼ਾਪ ਵਿਚੋਂ ਮਿਲਿਆ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਨਗਰ ਕੌਂਸਲ ਪ੍ਰਧਾਨ ਦੇ ਪਲਾਟ ਦੇ ਬਾਹਰ ਲੱਗੇ ਕਿਸਾਨਾਂ ਦੇ ਧਰਨੇ ਮਗਰੋਂ ਪੁਲਿਸ ਨੇ ਇਥੋਂ ਟਰਾਲੀਆਂ ਦੇ ਚਾਰ ਟਾਇਰ ਰਿੱਮ ਸਣੇ, ਟਰਾਲੀ ਦੀ ਹੁੱਕ, ਜੈੱਕ ਤੇ ਡੰਡਾ ਘੋੜੀ ਬਰਾਮਦ ਕੀਤੇ ਸਨ। ਪੁਲਿਸ ਨੇ ਸਾਮਾਨ ਕਬਜ਼ੇ ਵਿਚ ਲੈ ਕੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਸ਼ਿਕਾਇਤ ’ਤੇ ਡੀ.ਡੀ.ਆਰ ਦਰਜ ਕੀਤੀ ਸੀ। ਨਾਭਾ ਕੋਤਵਾਲੀ ਦੇ ਐੱਸ.ਐੱਚ.ਓ ਨੇ ਦੱਸਿਆ ਕਿ ਸ਼ੰਭੂ ਵਿਚ ਟਰਾਲੀ ਚੋਰੀ ਦੇ ਕੇਸ ਦਰਜ ਹਨ ਤੇ ਇਹ ਸਾਮਾਨ ਕੇਸ ਦੇ ਤਫਤੀਸ਼ੀ ਅਫਸਰ ਦੇ ਸਪੁਰਦ ਕੀਤਾ ਜਾਵੇਗਾ ਤੇ ਅੱਗੇ ਦੀ ਕਾਰਵਾਈ ਉਨ੍ਹਾਂ ਦੀ ਪੜਤਾਲ ਮੁਤਾਬਕ ਹੋਵੇਗੀ। ਇਸ ਮੌਕੇ ਜਸਵਿੰਦਰ ਸਿੰਘ ਨੇ ਦੋ ਟਾਇਰਾਂ ਦੀ ਸ਼ਨਾਖਤ ਕਰਦੇ ਹੋਏ ਦੱਸਿਆ ਸੀ ਕਿ ਇਹ ਉਨ੍ਹਾਂ ਦੇ ਪਿੰਡ ਦੀ ਟਰਾਲੀ ਦੇ ਹਨ। ਉਨ੍ਹਾਂ ਨੇ ਹੁੱਕ ਅਤੇ ਹੋਰ ਸਾਮਾਨ ਦੀ ਵੀ ਪਛਾਣ ਕੀਤੀ ਤੇ ਟਰਾਲੀ ਬਣਾਉਣ ਵਾਲੇ ਮਿਸਤਰੀ ਨੂੰ ਵੀ ਲੌਂਗੋਵਾਲ ਤੋਂ ਬੁਲਾ ਕੇ ਇਸ ਦੀ ਪਛਾਣ ਕਰਵਾਈ ਸੀ। ਕਿਸਾਨਾਂ ਮੁਤਾਬਕ ਮਾਰਚ ਮਹੀਨੇ ਪੁਲਿਸ ਵੱਲੋਂ ਜਬਰੀ ਹਟਾਏ ਸ਼ੰਭੂ ਮੋਰਚੇ ’ਚੋਂ ਕਿਸਾਨਾਂ ਦੀਆਂ 36 ਟਰਾਲੀਆਂ ਗਾਇਬ ਹੋਈਆਂ ਸਨ, ਜਿਨ੍ਹਾਂ ਵਿਚੋਂ 14 ਲੱਭ ਲਈਆਂ ਹਨ ਤੇ 22 ਦੀ ਭਾਲ ਜਾਰੀ ਹੈ।

Leave a Reply

Your email address will not be published. Required fields are marked *