ਐਨ. ਆਈ. ਏ. ਵਲੋਂ ਪੰਜਾਬ ਵਿਚ ਇਕੋ ਸਮੇਂ ਕਈ ਥਾਈਂ ਛਾਪੇ


(ਦੁਰਗੇਸ਼ ਗਾਜਰੀ)
ਚੰਡੀਗੜ੍ਹ, 26 ਜੂਨ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਨੇ ਅੱਜ ਸਵੇਰੇ ਇਕ ਵਾਰ ਫਿਰ ਪੰਜਾਬ ਵਿਚ ਵੱਡੀ ਕਾਰਵਾਈ ਕਰਦਿਆਂ ਇਕੋ ਸਮੇਂ ਕਈ ਥਾਈਂ ਛਾਪੇ ਮਾਰ ਕੇ ਸੂਬੇ ਵਿਚ ਦਹਿਸ਼ਤ ਪੈਦਾ ਕਰ ਦਿਤੀ। ਇਹ ਛਾਪੇ ਜਲੰਧਰ ਦੀ ਫਰੈਂਡਜ਼ ਕਲੋਨੀ ਅਤੇ ਉੜਮੁੜ ਕਸਬੇ ਦੇ ਦੋ ਵੱਖ-ਵੱਖ ਘਰਾਂ ‘ਤੇ ਮਾਰੇ ਗਏ। ਇਸ ਨਾਲ ਦੋਹਾਂ ਇਲਾਕਿਆਂ ਵਿਚ ਹੜਕੰਪ ਮਚ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਐਨ.ਆਈ.ਏ ਟੀਮ ਨੇ ਉੜਮੁੜ ਦੇ ਗੜ੍ਹੀ ਮੁਹੱਲਾ ਦੇ ਰਹਿਣ ਵਾਲੇ ਇਕ ਨੌਜਵਾਨ ਦੇ ਘਰ ਛਾਪਾ ਮਾਰਿਆ ਜੋ ਇਸ ਸਮੇਂ ਵਿਦੇਸ਼ ਵਿਚ ਰਹਿ ਰਿਹਾ ਹੈ। ਇਸ ਦੇ ਨਾਲ ਹੀ, ਏਜੰਸੀ ਨੇ ਉਸੇ ਕਸਬੇ ਦੇ ਇਕ ਹੋਰ ਨੌਜਵਾਨ ਦੇ ਘਰ ਵੀ ਕਾਰਵਾਈ ਕੀਤੀ। ਟੀਮ ਨੇ ਦੋਵਾਂ ਥਾਵਾਂ ‘ਤੇ ਡੂੰਘਾਈ ਨਾਲ ਪੁਛਗਿਛ ਅਤੇ ਤਲਾਸ਼ੀ ਮੁਹਿੰਮ ਚਲਾਈ। ਸੂਤਰਾਂ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦੇ ਵਾਰਡ ਨੰਬਰ 18 ਵਿਚ ਇਕ ਘਰ ਐਨ. ਆਈ. ਏ. ਵਲੋਂ ਰੇਡ ਕੀਤੀ ਗਈ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਛਾਪਾ ਕਿਸ ਮਾਮਲੇ ਨਾਲ ਸਬੰਧਤ ਹੈ। ਫਿਲਹਾਲ ਐਨ.ਆਈ.ਏ. ਵਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਛਾਪੇ ਨੂੰ ਲੈ ਕੇ ਪੂਰੇ ਖੇਤਰ ਵਿਚ ਚੌਕਸੀ ਵਧਾ ਦਿਤੀ ਹੈ। ਸਥਾਨਕ ਲੋਕਾਂ ਅਨੁਸਾਰ ਐਨ.ਆਈ.ਏ. ਟੀਮ ਸਵੇਰੇ-ਸਵੇਰੇ ਪਹੁੰਚੀ ਸੀ ਅਤੇ ਕਾਰਵਾਈ ਕਈ ਘੰਟਿਆਂ ਤਕ ਜਾਰੀ ਰਹੀ।
