ਨਾਜਾਇਜ਼ ਸਬੰਧਾਂ ਦੇ ਚਲਦੇ ਕਰ ਦਿੱਤਾ ਬੇਰਹਿਮੀ ਨਾਲ ਕਤਲ


ਲੁਧਿਆਣਾ, 23 ਜੁਲਾਈ (ਨਿਊਜ਼ ਟਾਊਨ ਨੈੱਟਵਰਕ ) ਗਿਆਸਪੁਰਾ ਇਲਾਕੇ ਵਿਚ ਇਕ ਵਿਅਕਤੀ ਦਾ ਗਲ਼ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਨੰਦਲਾਲ (40) ਵਾਸੀ ਮੱਕੜ ਕਾਲੋਨੀ ਵਜੋਂ ਹੋਈ ਹੈ। ਮ੍ਰਿਤਕ ਦੇ ਮਾਲਕ ਮਕਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਨੰਦਲਾਲ ਮਾਰਚ ਮਹੀਨੇ ਵਿਚ ਹੀ ਉਨ੍ਹਾਂ ਦੇ ਵੇਹੜੇ ਵਿਚ ਰਹਿਣ ਲਈ ਆਇਆ ਸੀ। ਇੱਥੇ ਉਹ ਇਕੱਲਾ ਰਹਿੰਦਾ ਸੀ ਤੇ ਫੈਕਟਰੀ ਵਿਚ ਕੰਮ ਕਰਦਾ ਸੀ। ਉਹ ਕਮਰੇ ਵਿਚ ਮ੍ਰਿਤਕ ਹਾਲਤ ਵਿਚ ਮਿਲਿਆ। ਉਸ ਦੇ ਗਲੇ ਨੂੰ ਚਾਕੂ ਨਾਲ ਵੱਢਿਆ ਗਿਆ ਸੀ ਤੇ ਲਾਸ਼ ਖ਼ੂਨ ਨਾਲ ਲਥਪਥ ਸੀ। ਇਸ ਵੱਲੋਂ ਜਾਣਕਾਰੀ ਦੇ ਕੇ ਪੁਲਸ ਨੂੰ ਮੌਕੇ ‘ਤੇ ਬੁਲਾਇਆ ਗਿਆ।
ਜਾਣਕਾਰੀ ਮੁਤਾਬਕ ਇਹ ਕਤਲ ਦੇਰ ਰਾਤ ਕੀਤਾ ਗਿਆ ਹੈ। ਘਟਨਾ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਉਸ ਦਾ ਗੁਆਂਢੀ ਆਪਣੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਸਾਮਾਨ ਲੈ ਕੇ ਵੇਹੜਾ ਛੱਡ ਗਿਆ। ਜਦੋਂ ਮਾਲਕ ਮਕਾਨ ਨੂੰ ਸ਼ੱਕ ਹੋਇਆ ਤਾਂ ਉਸ ਨੇ ਨੰਦਲਾਲ ਦਾ ਕਮਰਾ ਵੇਖਿਆ, ਜਿੱਥੇ ਉਸ ਦੀ ਖ਼ੂਨ ਨਾਲ ਲਥਪਥ ਲਾਸ਼ ਪਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਪੁਲਸ ਨੇ ਮ੍ਰਿਤਕ ਦੇ ਗੁਆਂਢੀ ਅਤੇ ਉਸ ਦੀ ਪਤਨੀ ਨੂੰ ਕਾਬੂ ਕਰ ਲਿਆ ਹੈ। ਵੇਹੜੇ ਦੇ ਲੋਕਾਂ ਮੁਤਾਬਕ ਨੰਦਲਾਲ ਦੇ ਕਤਲ ਤੋਂ ਪਹਿਲਾਂ ਵੇਹੜੇ ਵਿਚ ਰਹਿੰਦੇ ਵਿਅਕਤੀ ਤੇ ਉਸ ਦੀ ਪਤਨੀ ਵਿਚਾਲੇ ਲੜਾਈ ਵੀ ਹੋਈ ਸੀ। ਸ਼ੱਕ ਹੈ ਕਿ ਉਸੇ ਵਿਵਾਦ ਕਾਰਨ ਮਹਿਲਾ ਦੇ ਪਤੀ ਨੇ ਨੰਦਲਾਲ ਦਾ ਕਤਲ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਤੇ ਨੰਦਲਾਲ ਦੇ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸ ਨੇ ਨੰਦਲਾਲ ਦਾ ਕਤਲ ਕਰ ਦਿੱਤਾ।
ਇਸ ਬਾਰੇ ਪੁਲਸ ਚੌਕੀ ਗਿਆਸਪੁਰਾ ਦੇ ਇੰਚਾਰਜ ਚਾਂਦ ਅਹੀਰ ਨੇ ਕਿਹਾ ਕਿ ਲਾਸ਼ ਕਮਰੇ ਵਿਚ ਪਈ ਮਿਲੀ ਹੈ। ਚਾਕੂਆਂ ਦੇ ਨਿਸ਼ਾਨ ਵੀ ਹਨ। ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਇਸ ਕੇਸ ਵਿਚ ਜਲਦੀ ਹੀ ਪੂਰੇ ਖ਼ੁਲਾਸੇ ਕਰੇਗੀ।