ਪਟਿਆਲਾ ‘ਚ ਨਜਾਇਜ਼ ਕਬਜ਼ਿਆਂ ‘ਤੇ ਨਿਗਮ ਦੀ ਚੁੱਪੀ, ਲੋਕਾਂ ‘ਚ ਰੋਹ


ਟ੍ਰੈਫਿਕ ਪੁਲਿਸ ਵਲੋਂ ਵੀ ਬਾਜ਼ਾਰਾਂ ਅੰਦਰ ਬਣਦੀ ਡਿਊਟੀ ਨਿਭਾਉਣ ਦੀ ਜਗ੍ਹਾ ਲੋਕਾਂ ਦੀ ਸਮੱਸਿਆ ਨੂੰ ਕੀਤਾ ਜਾਂਦਾ ਅੱਖੋਂ ਪਰੋਖਾ
ਪਟਿਆਲਾ, 26 ਅਗਸਤ (ਗੁਰਪ੍ਰਤਾਪ ਸਿੰਘ ਸਾਹੀ)
ਲੀਲਾ ਭਵਨ, ਭੁਪਿੰਦਰਾ ਰੋਡ ਸਮੇਤ ਸ਼ਹਿਰ ਦੀਆਂ ਮੁੱਖ ਬਜਾਰਾਂ ਵਿੱਚ ਨਜਾਇਜ਼ ਕਬਜ਼ੇ ਲਗਾਤਾਰ ਵੱਧ ਰਹੇ ਹਨ।ਸੜਕਾਂ ‘ਤੇ ਫੜੀ ਵਾਲਿਆਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ,ਜਿਸ ਨਾਲ ਆਮ ਲੋਕਾਂ ਅਤੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕਈ ਵਾਰ ਨਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਚਲਾਉਣ ਦੇ ਐਲਾਨ ਤਾਂ ਹੁੰਦੇ ਹਨ,ਪਰ ਕਾਰਵਾਈ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿੰਦੇ ਹਨ।ਨਗਰ ਨਿਗਮ ਪ੍ਰਸ਼ਾਸਨ ਵੱਲੋਂ ਚੁੱਪ ਸਾਧਣ ਕਾਰਨ ਕਬਜ਼ਾ ਖੋਰਾਂ ਦੇ ਹੌਸਲੇ ਬੁਲੰਦ ਹਨ।ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਨਜਾਇਜ਼ ਕਬਜ਼ਿਆਂ ‘ਤੇ ਸਖਤ ਕਾਰਵਾਈ ਨਾ ਕਰਕੇ ਨਗਰ ਨਿਗਮ ਆਪਣੇ ਫ਼ਰਜ਼ ਤੋਂ ਮੂੰਹ ਮੋੜ ਰਿਹਾ ਹੈ ਅਤੇ ਭਰੋਸੇ ਯੋਗ ਸੂਤਰਾਂ ਦਾ ਕਹਿਣਾ ਹੈ ਕਿ ਨਜਾਇਜ਼ ਕਬਜ਼ਿਆਂ ਸੰਬੰਧੀ ਜਦੋਂ ਕੋਈ ਸ਼ਹਿਰ ਦਾ ਨਿਵਾਸੀ ਤੇ ਸਮਾਜ ਸੇਵੀ ਲੋਕ ਲਿਖਤੀ ਸ਼ਿਕਾਇਤ ਨਗਰ ਨਿਗਮ ਅਧਿਕਾਰੀਆਂ ਕੋਲ ਦਿੰਦੇ ਹਨ ਤਾਂ ਉਸ ਉਪਰ ਕੋਈ ਕਾਰਵਾਈ ਤਾਂ ਨਹੀਂ ਹੁੰਦੀ ਪਰ ਆਪਣੀਆਂ ਜੇਬਾਂ ਜਰੂਰ ਗ਼ਰਮ ਕੀਤੀਆਂ ਜਾਂਦੀਆਂ ਹਨ।ਇਸ ਕਾਰਨ ਸ਼ਹਿਰ ਦੀ ਸੁੰਦਰਤਾ ਅਤੇ ਟਰੈਫਿਕ ਪ੍ਰਬੰਧਨ ਦੋਵੇਂ ਪ੍ਰਭਾਵਿਤ ਹੋ ਰਹੇ ਹਨ।ਇਥੇ ਹੀ ਬਸ ਨਹੀਂ ਟ੍ਰੈਫਿਕ ਪੁਲਿਸ ਵੱਲੋਂ ਵੀ ਸ਼ਹਿਰ ਦੇ ਬਾਜ਼ਾਰਾਂ ਅੰਦਰ ਆਪਣੀ ਬਣਦੀ ਡਿਊਟੀ ਨਿਭਾਉਣ ਦੀ ਜਗ੍ਹਾ ਲੋਕਾਂ ਦੀ ਸਮੱਸਿਆ ਨੂੰ ਅੱਖੋਂ ਪਰੋਖਾ ਕੀਤਾ ਜਾਂਦਾ ਹੈ।ਸ਼ਹਿਰ ਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਕੇ ਬਜਾਰਾਂ ਅਤੇ ਸੜਕਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇ,ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।