ਮੁਹੰਮਦ ਸਦੀਕ ਨੇ ਅਮਰੀਕਾ ‘ਚ ਲਗਾਇਆ ਅਖਾੜਾ





ਯਾਦਗਾਰੀ ਹੋ ਨਿਬੜਿਆ ਨਿਊਯਾਰਕ ‘ਚ ‘ਮੇਲਾ ਪੰਜਾਬੀਆਂ ਦਾ’
ਮੇਲੇ ‘ਚ ਹੋਇਆ ਪੰਜਾਬੀਆਂ ਦਾ ਰਿਕਾਰਡ ਤੋੜ ਇਕੱਠ

ਫਿਲੌਰ/ਅੱਪਰਾ, 29 ਸਤੰਬਰ (ਦੀਪਾ)
ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਹਮੇਸ਼ਾ ਹੀ ਪੰਜਾਬ ਨੂੰ, ਤੇ ਪੰਜਾਬ ਦੇ ਮੇਲਿਆਂ ਨੂੰ ਯਾਦ ਕਰਦੇ ਰਹਿੰਦੇ ਹਨ। ਪਰ ਹੁਣ ਪੰਜਾਬ ਵਰਗੇ ਮੇਲੇ ਹੀ ਵਿਦੇਸ਼ਾਂ ਵਿੱਚ ਵੀ ਵੱਡੀ ਪੱਧਰ ਤੇ ਲੱਗ ਰਹੇ ਹਨ। ਇਸੇ ਤਹਿਤ ਹਾਈਪ ਇੰਟਰਟੇਨਮੈਂਟ, ਫੋਕ ਸਟਾਰ ਇੰਟਰਟੇਨਮੈਂਟ ਪਾਵਰਡ ਬਾਏ ਡਾਕਟਰ ਬੀ ਆਰ ਅੰਬੇਡਕਰ ਕਲੱਬ ਵੱਲੋਂ ਇੱਕ ਵੱਡਾ ਮੇਲਾ “ਮੇਲਾ ਪੰਜਾਬੀਆਂ ਦਾ” ਨਿਊਯਾਰਕ ਵਿੱਚ ਲਗਾਇਆ ਗਿਆ, ਜਿਸ ਵਿੱਚ ਪੰਜਾਬ ਦੀ ਤਰ੍ਹਾਂ ਹੀ ਵੱਡੇ ਤੇ ਨਾਮਵਰ ਕਲਾਕਾਰ ਸ਼ਾਮਿਲ ਹੋਏ। ਪੰਜਾਬੀ ਗਾਇਕੀ ਦੇ ਵਿੱਚ ਬਾਬਾ ਬੋਹੜ ਦੇ ਨਾਂ ਨਾਲ ਜਾਣੇ ਜਾਂਦੇ ਸਤਿਕਾਰਤ ਗਾਇਕ ਮੁਹੰਮਦ ਸਦੀਕ ਕਈ ਦਹਾਕਿਆਂ ਬਾਅਦ ਅਮਰੀਕਾ ਦੀ ਧਰਤੀ ਤੇ ਆਪਣੀ ਤੂੰਬੀ ਦੀ ਟਣਕਾਰ ਤੇ ਦਰਸ਼ਕਾਂ ਨੂੰ ਨਚਾਉਂਦੇ ਹੋਏ ਨਜ਼ਰ ਆਏ। ਮੁਹੰਮਦ ਸਦੀਕ ਹੋਣਾਂ ਨੇ ਸਾਬਿਤ ਕੀਤਾ ਕਿ ਅੱਜ ਵੀ ਉਹਨਾਂ ਦੀ ਗਾਇਕੀ ਦੇ ਦੀਵਾਨੇ ਵਿਦੇਸ਼ਾਂ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਹਨ। ਇਹਨਾਂ ਤੋਂ ਇਲਾਵਾ ਮੇਲੇ ਦੇ ਵਿੱਚ ਕੇ ਐਸ ਮੱਖਣ ਹੁਣਾਂ ਨੇ ਵੀ ਆਪਣੇ ਹਿੱਟ ਗੀਤਾਂ ਰਾਹੀਂ ਆਏ ਹੋਏ ਦਰਸ਼ਕਾਂ ਨੂੰ ਖੂਬ ਨਚਾਇਆ। ‘ਵੇ ਮੈਂ ਕਰਕੇ ਫਲਾਈ ਆਵਾਂ’ ਫੇਮ ਗਾਇਕਾ ਜੈਸਮੀਨ ਅਖਤਰ ਤੇ ਨੌਜਵਾਨ ਦਿਲਾਂ ਦੀ ਧੜਕਣ ਗਾਇਕ ਸੱਬਾ ਵੀ ਇਸ ਮੇਲੇ ਵਿੱਚ ਆਪਣੀ ਗਾਇਕੀ ਦੀ ਛਾਪ ਛੱਡਣ ਵਿੱਚ ਕਾਮਯਾਬ ਹੋਏ। ਸੋਹਣਾ ਸਰਦਾਰ ਗਾਇਕ ਅਮਰ ਸੈਂਭੀ ਆਪਣੀ ਦਮਦਾਰ ਆਵਾਜ਼ ਤੇ ਪਰਫੋਰਮੈਂਸ ਦੇ ਨਾਲ ਲੋਕਾਂ ਦੀ ਵਾਹ ਵਾਹ ਖੱਟਣ ਵਿੱਚ ਕਾਮਯਾਬ ਹੋਇਆ। ਗਾਇਕ ਰੈਵ ਇੰਦਰ ਅਤੇ ਤਰਨ ਰੰਧਾਵਾ ਨੇ ਵੀ ਮੇਲੇ ਦੀ ਸ਼ੁਰੂਆਤ ਵਿੱਚ ਹੀ ਰੰਗ ਬੰਨ ਦਿੱਤਾ ਸੀ। ਇਸ ਮੇਲੇ ਦੀ ਵਿਲੱਖਣਤਾ ਇਹ ਸੀ ਕਿ ਇਸ ਮੇਲੇ ਦੇ ਵਿੱਚ ਗਾਇਕੀ ਦੇ ਨਾਲ ਨਾਲ ਭੰਗੜਾ, ਗਿੱਧਾ, ਖਾਣ ਪੀਣ ਦੀਆਂ ਸਟਾਲਾਂ ਤੇ ਖਰੀਦੋ ਫਰੋਖਤ ਦੀਆਂ ਸਟਾਲਾਂ ਵੇਖਣ ਨੂੰ ਮਿਲੀਆਂ। ਇਸ ਮੇਲੇ ਵਿੱਚ ਆਏ ਹੋਏ ਸਾਰੇ ਹੀ ਕਲਾਕਾਰਾਂ ਨੂੰ ਇੱਕ ਮਾਲਾ ਵਿੱਚ ਪਰੋਣ ਲਈ ਸਟੇਜ ਹੋਸਟ ਦੀ ਜਿੰਮੇਵਾਰੀ ਗਿੱਲ ਪ੍ਰਦੀਪ ਅਤੇ ਜੋਤ ਰਣਜੀਤ ਹੋਣਾ ਨੇ ਬਾਖੂਬੀ ਨਿਭਾਈ। ਹਾਈਪ ਇੰਟਰਟੇਨਮੈਂਟ ਤੋਂ ਲੱਖੀ ਗਿੱਲ ਹੋਣਾਂ ਨੇ ਮੇਲੇ ਦੀ ਕਾਮਯਾਬੀ ਲਈ ਆਏ ਹੋਏ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਡਾਕਟਰ ਬੀ ਆਰ ਅੰਬੇਡਕਰ ਕਲੱਬ ਯੂਐਸਏ ਦੇ ਪ੍ਰਧਾਨ ਅਸ਼ੋਕ ਕੁਮਾਰ ਮਾਹੀ ਹੁਣਾਂ ਨੇ ਕਿਹਾ ਕਿ ਮੇਲੇ ਦੀ ਕਾਮਯਾਬੀ ਨੂੰ ਦੇਖਦੇ ਹੋਏ ਉਹਨਾਂ ਦੇ ਕਲੱਬ ਵੱਲੋਂ ਹਰ ਸਾਲ ਇਸੇ ਤਰ੍ਹਾਂ ਵੱਡਾ ਮੇਲਾ ਨਿਊਯਾਰਕ ਦੇ ਵਿੱਚ ਲਗਵਾਇਆ ਜਾਵੇਗਾ। ਫੋਕ ਸਟਾਰ ਇੰਟਰਟੇਨਮੈਂਟ ਤੋਂ ਧੀਰਜ ਕੁਮਾਰ ਹੋਣਾਂ ਨੇ ਮੇਲੇ ਵਿੱਚ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਦਿਲੋਂ ਧੰਨਵਾਦ ਕੀਤਾ। ਇਹ ਮੇਲਾ ਲੋਕਾਂ ਨੂੰ ਚਿਰਾਂ ਤੱਕ ਯਾਦ ਰਹੇਗਾ ਤੇ ਪੰਜਾਬੀ ਇਸੇ ਤਰ੍ਹਾਂ ਹੀ ਬਾਹਰਲੇ ਮੁਲਕਾਂ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦੇ ਰਹਿਣਗੇ।