59 ਸਾਲ ਦੇ ਹੋਏ ਬੀਬਾ ਹਰਸਿਮਰਤ ਬਾਦਲ, ਸੁਖਬੀਰ ਬਾਦਲ ਨੇ ਇੰਜ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ


ਪੰਜਾਬ, 25 ਜੁਲਾਈ, 2025 (ਨਿਊਜ਼ ਟਾਊਨ ਨੈਟਵਰਕ) :
ਅੱਜ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ 59 ਸਾਲਾਂ ਦੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਖਾਸ ਅੰਦਾਜ ਵਿੱਚ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਖਾਸ ਤਸਵੀਰਾਂ ਸ਼ੇਅਰ ਕਰਕੇ ਬੀਬਾ ਬਾਦਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।

ਸੁਖਬੀਰ ਬਾਦਲ ਨੇ ਲਿਖਿਆ ਹੈ ਕਿ ‘ਜਨਮਦਿਨ ਦੀਆਂ ਬਹੁਤ ਮੁਬਾਰਕਾਂ ਹਰਸਿਮਰਤ! ਗੁਰੂਸਾਹਿਬ ਦਾ ਹਮੇਸ਼ਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਤੁਹਾਡੇ ਸਾਥ ਦਾ ਆਸ਼ੀਰਵਾਦ ਦਿੱਤਾ। ਤੁਹਾਡੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਹਮੇਸ਼ਾ ਪ੍ਰਾਰਥਨਾ ਕਰਦਾ ਹਾਂ। 💐

ਹਰਸਿਮਰਤ ਕੌਰ ਬਾਦਲ ਦਾ ਜਨਮ 25 ਜੁਲਾਈ 1966 ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੱਤਿਆਜੀਤ ਅਤੇ ਸੁਖਮੰਜਸ ਮਜੀਠੀਆ ਦੇ ਘਰ ਹੋਇਆ। ਕੌਰ ਬਾਦਲ ਮੈਟ੍ਰਿਕ ਹਨ ਅਤੇ ਟੈਕਸਟਾਈਲ ਡਿਜ਼ਾਈਨ ਵਿਚ ਡਿਪਲੋਮਾ ਵੀ ਕੀਤਾ ਹੋਇਆ ਹੈ। ਹਰਸਿਮਰਤ ਕੌਰ ਬਾਦਲ ਨੇ ਆਪਣੀ ਸਕੂਲੀ ਪੜ੍ਹਾਈ ਨਵੀਂ ਦਿੱਲੀ ਦੇ ਲੋਰੇਟੋ ਕਾਨਵੈਂਟ ਸਕੂਲ ਤੋਂ ਕੀਤੀ।

ਹਰਸਿਮਰਤ ਕੌਰ ਬਾਦਲ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤ ਸਰਕਾਰ ਵਿੱਚ ਫੂਡ ਪ੍ਰੋਸੈਸਿੰਗ ਉਦਯੋਗਾਂ ਦੀ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹੈ। ਬੀਬਾ ਬਾਦਲ ਨੇ ਆਪਣਾ ਸਿਆਸੀ ਜੀਵਨ 2009 ਦੀਆਂ ਭਾਰਤੀ ਆਮ ਚੋਣਾਂ ਤੋਂ ਸ਼ੁਰੂ ਕੀਤਾ ਸੀ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਰਣਇੰਦਰ ਸਿੰਘ ਨੂੰ ਵੱਡੇ ਫਰਕ ਨਾਲ ਹਰਾ ਕੇ ਬਠਿੰਡਾ ਹਲਕੇ ਤੋਂ 15ਵੀਂ ਲੋਕ ਸਭਾ ਲਈ ਚੁਣੀ ਗਈ ਸੀ।

ਉਹ 21 ਨਵੰਬਰ 1991 ਨੂੰ ਸੁਖਬੀਰ ਸਿੰਘ ਬਾਦਲ ਨਾਲ ਵਿਆਹ ਦੇ ਬੰਧਨ ਵਿੱਚ ਜੁੜੇ। ਸੁਖਬੀਰ ਸਿੰਘ ਬਾਦਲ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ।

ਸਤੰਬਰ 2021 ਵਿੱਚ, ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੁਆਰਾ ਸੰਸਦ ਵਿੱਚ ਪੇਸ਼ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ। ਅਸਤੀਫ਼ੇ ਤੋਂ ਬਾਅਦ ਉਨ੍ਹਾਂ ਟਵੀਟ ਕੀਤਾ, “ਮੈਂ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਕਿਸਾਨਾਂ ਨਾਲ ਉਨ੍ਹਾਂ ਦੀ ਧੀ ਅਤੇ ਭੈਣ ਵਾਂਗ ਖੜ੍ਹਨ ‘ਤੇ ਮਾਣ ਮਹਿਸੂਸ ਕਰ ਰਹੀ ਹਾਂ।”

ਇਸ ਮਹੀਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 63 ਸਾਲ ਦੇ ਹੋ ਗਏ ਸਨ। 9 ਜੁਲਾਈ 1962 ਨੂੰ ਜਨਮੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ। ਸੁਖਬੀਰ ਬਾਦਲ ਦੇ 63 ਸਾਲ ਦੇ ਹੋਣ ‘ਤੇ, ਉਨ੍ਹਾਂ ਦੀ ਪਤਨੀ ਨੇ ਇੰਟਰਨੈਟ ਮੀਡੀਆ ‘ਤੇ ਇੱਕ ਪਰਿਵਾਰਕ ਫੋਟੋ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।
