ਕਰਨਾਟਕ ਦੇ ਹਸਨ ‘ਚ ਇਕ ਮਹੀਨੇ ‘ਚ ਦਿਲ ਦੇ ਦੌਰੇ ਕਾਰਨ 20 ਤੋਂ ਵੱਧ ਮੌਤਾਂ

ਮੁੱਖ ਮੰਤਰੀ ਸਿੱਧਰਮਈਆ ਨੇ ਕੋਵਿਡ ਟੀਕੇ ‘ਤੇ ਚੁੱਕੇ ਸਵਾਲ

ਬੰਗਲੁਰੂ, 2 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਕਰਨਾਟਕ ਦੇ ਹਸਨ ਜ਼ਿਲ੍ਹੇ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਮੌਤਾਂ ਨੇ ਚਿੰਤਾਵਾਂ ਵਧਾ ਦਿਤੀਆਂ ਹਨ, ਜਿੱਥੇ ਪਿਛਲੇ ਇਕ ਮਹੀਨੇ ਵਿਚ ਨੌਜਵਾਨਾਂ ਸਮੇਤ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਪਿਛਲੇ 24 ਘੰਟਿਆਂ ਵਿਚ 6 ਮੌਤਾਂ ਤੋਂ ਬਾਅਦ ਮੁੱਖ ਮੰਤਰੀ ਸਿੱਧਰਮਈਆ ਨੇ ਜਾਂਚ ਦੇ ਹੁਕਮ ਦਿਤੇ ਹਨ।
ਕਰਨਾਟਕ ਦੇ ਹਸਨ ਜ਼ਿਲ੍ਹੇ ਵਿਚ ਇਕ ਮਹੀਨੇ ਦੇ ਅੰਦਰ 20 ਤੋਂ ਵੱਧ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਤੋਂ ਬਾਅਦ ਲੋਕ ਹੈਰਾਨ ਹਨ। ਪ੍ਰਸ਼ਾਸਨ ਵੀ ਇਹ ਸਮਝਣ ਤੋਂ ਅਸਮਰੱਥ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਮ੍ਰਿਤਕਾਂ ਦੀ ਉਮਰ 20 ਸਾਲ ਹੈ ਅਤੇ ਕੁਝ 30 ਸਾਲ। ਸਾਰਿਆਂ ਦੀਆਂ ਨਜ਼ਰਾਂ ਕਰਨਾਟਕ ਸਰਕਾਰ ‘ਤੇ ਹਨ। ਪਰ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕੋਵਿਡ ਟੀਕੇ ਨਾਲ ਸਬੰਧਤ ਸਾਜ਼ਿਸ਼ ਸਿਧਾਂਤ ਪੇਸ਼ ਕਰ ਕੇ ਇਕ ਨਵਾਂ ਵਿਵਾਦ ਖੜ੍ਹਾ ਕਰ ਦਿਤਾ ਹੈ। ਉਨ੍ਹਾਂ ਨੇ ਨਾ ਸਿਰਫ਼ ਕੋਵਿਡ ਟੀਕੇ ‘ਤੇ ਸਵਾਲ ਖੜ੍ਹੇ ਕੀਤੇ, ਸਗੋਂ ਕੇਂਦਰ ਦੀ ਟੀਕਾਕਰਨ ਨੀਤੀ ‘ਤੇ ਵੀ ਨਿਸ਼ਾਨਾ ਸਾਧਿਆ।
ਸਿੱਧਰਮਈਆ ਨੇ ਐਕਸ ‘ਤੇ ਲਿਖਿਆ ਹਾਲ ਹੀ ਵਿਚ ਹਸਨ ਜ਼ਿਲ੍ਹੇ ਵਿਚ ਦਿਲ ਦੇ ਦੌਰੇ ਨਾਲ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਇਕ ਗੰਭੀਰ ਮਾਮਲਾ ਹੈ। ਕੀ ਇਹ ਅਚਾਨਕ ਮੌਤਾਂ ਕੋਵਿਡ ਟੀਕੇ ਦਾ ਮਾੜਾ ਪ੍ਰਭਾਵ ਹਨ? ਕਈ ਅੰਤਰਰਾਸ਼ਟਰੀ ਖੋਜਾਂ ਨੇ ਹਾਲ ਹੀ ਵਿਚ ਸੰਕੇਤ ਦਿਤਾ ਹੈ ਕਿ ਟੀਕੇ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੇ ਹਨ। ਕੀ ਟੀਕੇ ਦੀ ਜਲਦਬਾਜ਼ੀ ਵਿਚ ਪ੍ਰਵਾਨਗੀ ਇਨ੍ਹਾਂ ਮੌਤਾਂ ਦਾ ਕਾਰਨ ਹੋ ਸਕਦੀ ਹੈ? ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਿੱਧਰਮਈਆ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਨੂੰ ਪਹਿਲਾਂ ਆਪਣੀ ਜ਼ਮੀਰ ਤੋਂ ਪੁੱਛਣਾ ਚਾਹੀਦਾ ਹੈ ਅਤੇ ਫਿਰ ਸਾਨੂੰ ਸਵਾਲ ਕਰਨੇ ਚਾਹੀਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਜੈਦੇਵ ਹਾਰਟ ਇੰਸਟੀਚਿਊਟ ਦੇ ਡਾਇਰੈਕਟਰ ਡਾ. ਰਵਿੰਦਰਨਾਥ ਦੀ ਪ੍ਰਧਾਨਗੀ ਹੇਠ ਇਕ ਮਾਹਰ ਕਮੇਟੀ ਬਣਾਈ ਗਈ ਹੈ, ਜੋ ਮੌਤਾਂ ਦੇ ਕਾਰਨਾਂ ਦੀ ਵਿਗਿਆਨਕ ਜਾਂਚ ਕਰੇਗੀ ਅਤੇ 10 ਦਿਨਾਂ ਵਿਚ ਰਿਪੋਰਟ ਪੇਸ਼ ਕਰੇਗੀ।
ਭਾਜਪਾ ਨੇ ਮੁੱਖ ਮੰਤਰੀ ਦੇ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਦਿਤੀ। ਪਾਰਟੀ ਦੇ ਬੁਲਾਰੇ ਰਾਜੀਵ ਚੰਦਰਸ਼ੇਖਰ ਨੇ ਕਿਹਾ, ਸਿੱਧਰਮਈਆ ਹੁਣ ਸਾਜ਼ਿਸ਼ਾਂ ਦੀ ਰਾਜਨੀਤੀ ਕਰ ਰਹੇ ਹਨ। ਜਿਨ੍ਹਾਂ ਟੀਕਿਆਂ ਲਈ ਭਾਰਤ ਨੂੰ ਪੂਰੀ ਦੁਨੀਆ ਵਿਚ ਪ੍ਰਸ਼ੰਸਾ ਮਿਲੀ ਅੱਜ ਉਹੀ ਟੀਕੇ ਉਨ੍ਹਾਂ ਨੂੰ ਸ਼ੱਕੀ ਲੱਗ ਰਹੇ ਹਨ। ਜੇਕਰ ਇੰਨਾ ਡਰ ਹੁੰਦਾ ਤਾਂ ਕੀ ਉਹ ਉਦੋਂ ਟੀਕਾਕਰਨ ਬੰਦ ਕਰ ਦਿੰਦੇ? ਭਾਜਪਾ ਨੇ ਇਸ ਨੂੰ ਮੌਤਾਂ ‘ਤੇ ਰਾਜਨੀਤੀ ਕਰਾਰ ਦਿਤਾ ਤੇ ਕਿਹਾ ਕਿ ਮੁੱਖ ਮੰਤਰੀ ਵਿਗਿਆਨਕ ਰਿਪੋਰਟ ਆਉਣ ਤੋਂ ਪਹਿਲਾਂ ਹੀ ਟੀਕੇ ‘ਤੇ ਸ਼ੱਕ ਕਰਕੇ ਅਫਵਾਹਾਂ ਫੈਲਾ ਰਹੇ ਹਨ, ਜਿਸ ਨਾਲ ਜਨਤਾ ਵਿਚ ਡਰ ਦਾ ਮਾਹੌਲ ਪੈਦਾ ਹੋਵੇਗਾ।
ਕਈ ਸਿਹਤ ਮਾਹਿਰ ਵੀ ਮੁੱਖ ਮੰਤਰੀ ਦੇ ਬਿਆਨ ਨਾਲ ਅਸਹਿਮਤ ਹਨ। ਬੰਗਲੁਰੂ ਸਥਿਤ ਇਕ ਸੀਨੀਅਰ ਕਾਰਡੀਓਲੋਜਿਸਟ ਨੇ ਕਿਹਾ ਕੋਵਿਡ ਟੀਕੇ ਅਤੇ ਦਿਲ ਦੇ ਦੌਰੇ ਵਿਚਕਾਰ ਹੁਣ ਤੱਕ ਕੋਈ ਠੋਸ ਸਬੰਧ ਸਾਬਤ ਨਹੀਂ ਹੋਇਆ ਹੈ। ਹਾਂ ਕੁਝ ਦੁਰਲੱਭ ਮਾਮਲਿਆਂ ਵਿਚ ਮਾੜੇ ਪ੍ਰਭਾਵ ਹੋ ਸਕਦੇ ਹਨ, ਪਰ ਇਹ ਦਾਅਵਾ ਕਰਨਾ ਕਿ ਇਹ ਮੌਤਾਂ ਦਾ ਕਾਰਨ ਹੈ, ਵਿਗਿਆਨਕ ਨਹੀਂ ਹੈ।
ਦਿਲ ਦਾ ਦੌਰਾ ਪੇਣ ਕਾਰਨ ਹੋਈਆਂ ਮੌਤਾਂ ਮੁਤਾਬਕ ਹਸਨ ਜ਼ਿਲ੍ਹੇ ਦੇ ਸੋਮੇਨਾਹਲੀਕੋੱਪਲੂ ਦਾ 27 ਸਾਲਾ ਨੌਜਵਾਨ ਸੰਜੇ ਸੋਮਵਾਰ ਸ਼ਾਮ ਨੂੰ ਦੋਸਤਾਂ ਨਾਲ ਪਾਰਟੀ ਕਰਦੇ ਸਮੇਂ ਉਹ ਡਿੱਗ ਪਏ ਤੇ ਹਸਪਤਾਲ ‘ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਸੰਜੇ ਦੇ ਵਿਆਹ ਨੂੰ ਹਾਲੇ 2 ਸਾਲ ਹੋਏ ਸਨ। ਇਸ ਤੋਂ ਇਲਾਵਾ 22 ਸਾਲਾ ਵਿਆਹੁਤਾ ਹਰਸ਼ਿਤਾ ਦੀ ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ ਵਿਚ ਮੌਤ ਹੋ ਗਈ। 50 ਸਾਲਾ ਲੇਪਾਕਸ਼ੀ ਇਕ ਘਰੇਲੂ ਔਰਤ ਸੀ। ਸੋਮਵਾਰ ਸਵੇਰੇ ਆਪਣੇ ਘਰ ਵਿਚ ਉਨ੍ਹਾਂ ਦੀ ਪਿੱਠ ਵਿਚ ਦਰਦ ਹੋਇਆ, ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕਾਰਡਿਕ ਅਰੈਸਟ ਦਾ ਮਤਲਬ ਹੈ ਦਿਲ ਦਾ ਅਚਾਨਕ ਕੰਮ ਕਰਨਾ ਬੰਦ ਕਰ ਦੇਣਾ। 58 ਸਾਲਾ ਮੁਤੱਈਆ ਇਕ ਅੰਗਰੇਜ਼ੀ ਪ੍ਰੋਫੈਸਰ ਸਨ। ਉਹ ਚੰਨਾਰਾਇਆਪਟਨਾ ਕਸਬੇ ਵਿਚ ਆਪਣੇ ਕਾਲਜ ਦੇ ਸਾਹਮਣੇ ਚਾਹ ਪੀਂਦੇ ਸਮੇਂ ਡਿੱਗ ਪਏ ਤੇ ਉਨ੍ਹਾਂ ਦੀ ਮੌਤ ਹੋ ਗਈ। 53 ਸਾਲਾ ਕੁਮਾਰ ਇਕ ਕਿਸਾਨ ਸੀ। ਉਨ੍ਹਾਂ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਲੋਹਿਤ ਇਕ ਫੌਜੀ ਅਧਿਕਾਰੀ ਸੀ ਤੇ ਛੁੱਟੀ ‘ਤੇ ਘਰ ਆਏ ਸੀ ਤੇ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 20 ਸਾਲਾਂ ਤੋਂ ਫੌਜ ਵਿਚ ਸਨ। ਲੋਹਿਤ ਦੇ ਵਿਆਹ ਨੂੰ 7 ਸਾਲ ਹੋਏ ਸਨ। ਉਨ੍ਹਾਂ ਨੇ 3 ਜੁਲਾਈ ਨੂੰ ਡਿਊਟੀ ‘ਤੇ ਵਾਪਸ ਆਉਣਾ ਸੀ।
