ਹੜ੍ਹ ਦੀ ਲਪੇਟ ‘ਚ 1400 ਤੋਂ ਵੱਧ ਪਿੰਡ !


ਚੰਡੀਗੜ , 3 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਪੰਜਾਬ ਦੀ ਭਗਵੰਤ ਮਾਨ ਸਰਕਾਰ (Bhagwant Mann Govt) ਨੇ ਪੰਜਾਬ ਨੂੰ ਆਫ਼ਤ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਹੜ੍ਹ ਕਾਰਨ ਪੰਜਾਬ ‘ਚ 7 ਸਤੰਬਰ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਹੜ੍ਹ ਨੇ 23 ਜ਼ਿਲ੍ਹਿਆਂ ਦੇ 1400 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਪਹਿਲਾਂ, ਹੜ੍ਹ ਪ੍ਰਭਾਵਿਤ ਲੋਕਾਂ ਲਈ ਪੰਜਾਬ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਰਾਘਵ ਚੱਡਾ ਨੇ ਐਮਪੀਐਲਏਡੀਐਸ ਫੰਡ ਤੋਂ 3.25 ਕਰੋੜ ਰੁਪਏ ਜਾਰੀ ਕੀਤੇ ਸਨ। ਹੜ੍ਹ ਕਾਰਨ 3.75 ਏਕੜ ਫਸਲ ਪਾਣੀ ‘ਚ ਤਬਾਹ ਹੋ ਗਈ। ਸਾਰੇ ਜ਼ਿਲ੍ਹਾ ਆਫ਼ਤ ਮੈਨੇਜਮੈਂਟ ਅਧਿਕਾਰੀਆਂ (DDMA) ਨੂੰ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਜਲਦੀ ਅਤੇ ਯੋਗ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਥਿਤੀ ‘ਚ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਜਲਦ ਤੋਂ ਜਲਦ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਇਸ ਮੁਸ਼ਕਲ ਸਮੇਂ ਵਿਚ ਸਹਾਰਾ ਲੈ ਸਕਣ।
ਕਈ ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ
ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਜਿਵੇਂ ਕਿ ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਮੋਗਾ, ਲੁਧਿਆਣਾ, ਬਰਨਾਲਾ ਤੇ ਸੰਗਰੂਰ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਨਾਲ ਹੀ, ਦੂਰਸੰਚਾਰ ਆਪਰੇਟਰਾਂ ਨੂੰ ਮੋਬਾਈਲ ਤੇ ਲੈਂਡਲਾਈਨ ਕੁਨੈਕਟਿਵਿਟੀ ਯਕੀਨੀ ਬਣਾਉਣ ਲਈ ਕਿਹਾ ਹੈ। ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ‘ਚ ਲੋਕਾਂ ਤੇ ਜ਼ਰੂਰੀ ਸੇਵਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਕੱਲ੍ਹ ਪੰਜਾਬ ਆਉਣਗੇ ਕੇਂਦਰੀ ਖੇਤੀਬਾੜੀ ਮੰਤਰੀ
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੱਲ੍ਹ ਪੰਜਾਬ ਆ ਰਹੇ ਹਨ ਤੇ ਇਸ ਦੌਰਾਨ ਉਹ ਕਿਸਾਨਾਂ ਨਾਲ ਮੁਲਾਕਾਤ ਕਰਨਗੇ।
ਰੂਪਨਗਰ ‘ਚ ਸਥਾਪਿਤ ਕੀਤੇ ਗਏ ਰਾਹਤ ਕੈਂਪ
ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਵ4ਲੋਂ ਸਤਲੁਜ ਦਰਿਆ ਦੇ ਕੰਢੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਪਿੰਡ ਸ਼ਤਰੂਘਨ ਨੇੜੇ ਵੱਸਦੇ ਲੋਕਾਂ ਲਈ ਪ੍ਰਸ਼ਾਸਨ ਵੱਲੋਂ ਪੰਜ ਪਿੰਡਾਂ ‘ਚ ਰਾਹਤ ਕੈਂਪ ਲਗਾਏ ਗਏ ਹਨ। ਇਨ੍ਹਾਂ ਕੈਂਪਾਂ ‘ਚ ਲੋਕਾਂ ਦੇ ਰਹਿਣ, ਖਾਣ-ਣ ਅਤੇ ਸਿਹਤ ਸੇਵਾਵਾਂ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਭਨਾਮ, ਭਲਾਣ, ਨਾਨਗਰਾ, ਪਲਾਸੀ ਤੇ ਸਿੰਘਪੁਰ ਵਿਚ ਰਾਹਤ ਕੈਂਪ ਬਣਾਏ ਗਏ ਹਨ।
ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ ਸਿਰਫ਼ ਦੋ ਫੁੱਟ ਹੇਠਾਂ
ਭਾਖੜਾ ਬੰਨ੍ਹ ਦਾ ਪੱਧਰ ਲਗਪਗ 1,678 ਫੀਟ ਤਕ ਪਹੁੰਚ ਗਿਆ ਹੈ, ਜਦਕਿ ਵੱਧ ਤੋਂ ਵੱਧ ਪੱਧਰ 1,680 ਫੁੱਟ ਹੈ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ ਦੋ ਫੁੱਟ ਹੇਠਾਂ ਹੈ।