ਮੁਹੰਮਦ ਸ਼ਮੀ ਨੂੰ ਪਤਨੀ-ਧੀ ਨੂੰ 4 ਲੱਖ ਰੁਪਏ ਪ੍ਰਤੀ ਮਹੀਨਾ ਦੇਣ ਦੇ ਹੁਕਮ


ਕੋਲਕਾਤਾ, 2 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਮੁਹੰਮਦ ਸ਼ਮੀ ਨੂੰ ਕੋਲਕਾਤਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈ ਕੋਰਟ ਨੇ ਇਕ ਵਾਰ ਫਿਰ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿਤਾ ਹੈ। ਅਦਾਲਤ ਨੇ ਸ਼ਮੀ ਨੂੰ ਆਪਣੀ ਪਤਨੀ ਹਸੀਨ ਜਹਾਂ ਅਤੇ ਧੀ ਆਇਰਾ ਦੇ ਗੁਜ਼ਾਰਾ ਭੱਤਾ ਲਈ ਪ੍ਰਤੀ ਮਹੀਨਾ 4 ਲੱਖ ਰੁਪਏ ਦੇਣ ਦਾ ਹੁਕਮ ਦਿਤਾ ਹੈ। ਉਸਨੂੰ ਆਪਣੀ ਪਤਨੀ ਨੂੰ ਪ੍ਰਤੀ ਮਹੀਨਾ 1 ਲੱਖ 50 ਹਜ਼ਾਰ ਰੁਪਏ ਅਤੇ ਆਪਣੀ ਧੀ ਨੂੰ ਪ੍ਰਤੀ ਮਹੀਨਾ 2 ਲੱਖ 50 ਹਜ਼ਾਰ ਰੁਪਏ ਦੇਣੇ ਪੈਣਗੇ।
ਜ਼ਿਕਰਯੋਗ ਹੈ ਕਿ ਮੁਹੰਮਦ ਸ਼ਮੀ ਅਤੇ ਹਸੀਨ ਜਹਾਂ ਆਪਸੀ ਝਗੜੇ ਤੋਂ ਬਾਅਦ ਕਈ ਸਾਲਾਂ ਤੋਂ ਵੱਖ ਰਹਿ ਰਹੇ ਹਨ। ਧੀ ਆਇਰਾ ਆਪਣੀ ਮਾਂ ਹਸੀਨ ਜਹਾਂ ਨਾਲ ਰਹਿੰਦੀ ਹੈ। ਹਸੀਨ ਜਹਾਂ ਕ੍ਰਿਕਟਰ ਮੁਹੰਮਦ ਸ਼ਮੀ ‘ਤੇ ਦੋਸ਼ ਲਗਾ ਰਹੀ ਹੈ ਕਿ ਉਹ ਉਸਨੂੰ ਗੁਜ਼ਾਰਾ ਭੱਤਾ ਦੇਣ ਲਈ ਜ਼ਰੂਰੀ ਪੈਸੇ ਨਹੀਂ ਦੇ ਰਿਹਾ ਹੈ। ਉਹ ਇਸ ਲਈ ਕਾਨੂੰਨੀ ਲੜਾਈ ਵੀ ਲੜ ਰਹੀ ਹੈ। ਹਸੀਨ ਜਹਾਂ ਦੀ ਪਟੀਸ਼ਨ ‘ਤੇ ਜਸਟਿਸ ਅਜੇ ਮੁਖਰਜੀ ਨੇ ਮੁਹੰਮਦ ਸ਼ਮੀ ਨੂੰ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿਤਾ ਹੈ।
ਦੱਸਣਯੋਗ ਹੈ ਕਿ ਹਸੀਨ ਜਹਾਂ ਨੇ 7 ਸਾਲ ਪਹਿਲਾਂ ਇਕ ਪਟੀਸ਼ਨ ਦਾਇਰ ਕਰਕੇ ਪ੍ਰਤੀ ਮਹੀਨਾ 7 ਲੱਖ ਰੁਪਏ ਦੀ ਮੰਗ ਕੀਤੀ ਸੀ। ਫਿਰ ਹੇਠਲੀ ਅਦਾਲਤ ਨੇ ਉਸਦੀ ਪਟੀਸ਼ਨ ਨੂੰ ਇਹ ਕਹਿ ਕੇ ਰੱਦ ਕਰ ਦਿਤਾ ਕਿ ਉਹ ਮਾਡਲਿੰਗ ਤੋਂ ਕਮਾਉਂਦੀ ਹੈ। ਹਸੀਨ ਜਹਾਂ ਨੇ ਇਸ ਤੋਂ ਬਾਅਦ ਆਪਣੀ ਕਾਨੂੰਨੀ ਲੜਾਈ ਜਾਰੀ ਰੱਖੀ। ਇਸ ‘ਤੇ ਅਲੀਪੁਰ ਅਦਾਲਤ ਨੇ ਮੁਹੰਮਦ ਸ਼ਮੀ ਨੂੰ ਆਪਣੀ ਪਤਨੀ ਅਤੇ ਧੀ ਨੂੰ ਪ੍ਰਤੀ ਮਹੀਨਾ 80,000 ਰੁਪਏ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿਤਾ। ਬਾਅਦ ਵਿੱਚ, ਜ਼ਿਲ੍ਹਾ ਜੱਜ ਨੇ ਇਸ ਰਕਮ ਨੂੰ ਵਧਾ ਕੇ ਹਸੀਨ ਜਹਾਂ ਲਈ ਪ੍ਰਤੀ ਮਹੀਨਾ 50,000 ਰੁਪਏ ਅਤੇ ਧੀ ਲਈ 80,000 ਰੁਪਏ ਕਰ ਦਿਤਾ।
ਹਸੀਨ ਜਹਾਂ ਨੇ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿਤੀ। ਉਸਨੇ 1.30 ਲੱਖ ਰੁਪਏ (80,000 50,000) ਦੀ ਬਜਾਏ 6.50 ਲੱਖ ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦੀ ਮੰਗ ਕੀਤੀ। ਫਿਰ ਹਾਈ ਕੋਰਟ ਨੇ ਸ਼ਮੀ ਨੂੰ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਵਜੋਂ 4 ਲੱਖ ਰੁਪਏ ਦੇਣ ਦਾ ਹੁਕਮ ਦਿਤਾ।