ਚੰਡੀਗੜ੍ਹ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਦਾ ਪੰਜਾਬ ਪ੍ਰਤੀ ਚਿਹਰਾ ਬੇਨਕਾਬ ਹੋਇਆ : ਪ੍ਰਧਾਨ ਇੰਦਰਜੀਤ ਗਿੱਲ


ਆਲਮਗੀਰ, 25 ਨਵੰਬਰ (ਜਸਵੀਰ ਸਿੰਘ ਗੁਰਮ ) :
ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਉਸ ਤੋਂ ਸਾਬਤ ਹੁੰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਪ੍ਰਤੀ ਕਿੰਨੀ ਵਫ਼ਾਦਾਰ ਹੈ, ਕੇਂਦਰ ਸਰਕਾਰ ਦੇ ਇਨ੍ਹਾਂ ਮਨਸੂਬਿਆਂ ਨੂੰ ਪੰਜਾਬੀ ਕਦੇ ਮੁਆਫ਼ ਨਹੀਂ ਕਰਨਗੇ। ਇਹਨਾ ਸ਼ਬਦਾਂ ਪ੍ਰਗਟਾਵਾ ਹਲਕਾ ਗਿੱਲ ਤੋਂ ਕਾਂਗਰਸ ਕਿਸਾਨ ਸੈੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਗਿੱਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨਾਂ ਕਿਹਾ ਕਿ ਕਿੰਨੀ ਦੁਖਦਾਈ ਗੱਲ ਹੈ ਕਿ ਜਦੋਂ ਤੋਂ ਕੇਂਦਰ ਵਿਚ ਮੋਦੀ ਸਰਕਾਰ ਆਈ ਹੈ ਉਹ ਕਦਮ-ਕਦਮ ‘ਤੇ ਪੰਜਾਬੀਆਂ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਿੰਨ ਕਿਸਾਨੀ ਬਿੱਲਾਂ ਦਾ ਮਾਮਲਾ ਪੈਦਾ ਕੀਤਾ, ਫਿਰ ਕਿਸਾਨਾਂ ਦੇ ਐਮ.ਐੱਸ.ਪੀ.ਨੂੰ ਲੈ ਕੇ ਡੈਮ ਤੋਂ ਪੰਜਾਬ ਦਾ ਹੱਕ ਖੋਇਆ, ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦੀ ਸਾਜ਼ਿਸ਼ ਰਚੀ ਗਈ। ਜਦ ਪੰਜਾਬੀਆਂ ਦਾ ਗੁੱਸਾ ਜਾਗਿਆ ਤਾਂ ਇਹ ਨੋਟੀਫ਼ਿਕੇਸ਼ਨ ਵਾਪਸ ਲੈਣਾ ਪਿਆ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਕਰੀਬ 28 ਪਿੰਡਾਂ ਨੂੰ ਉਜਾੜ ਕੇ ਵਸਾਇਆ 1 ਚੰਡੀਗੜ੍ਹ ਸ਼ਹਿਰ ਨੂੰ ਕੇਂਦਰ ਸਰਕਾਰ ਸਿੱਧਾ ਆਪਣੇ ਅਧੀਨ ਕੰਟਰੋਲ ਕਰਨ ਦਾ ਬਿੱਲ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨਾਲ ਇਹ ਬੜਾ ਵੱਡਾ ਧੋਖਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸਲ ‘ਚ ਕੇਂਦਰ ਸਰਕਾਰ ਪੰਜਾਬੀਆਂ ਨੂੰ ਦਬਾਉਣਾ ਚਾਹੁੰਦੀ ਹੈ ਪਰ ਪੰਜਾਬੀ ਅੱਜ ਤੱਕ ਕਿਸੇ ਤੋਂ ਦਬੇ ਨਹੀਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁੱਝ ਲੀਡਰ ਜੋ ਕਦੇ ਪੰਜਾਬ ਹਿਤੈਸ਼ੀ ਗੱਲਾਂ ਕਰਦੇ ਸਨ ਉਨ੍ਹਾਂ ਦੀ ਚੁੱਪੀ ਸਾਬਤ ਕਰਦੀ ਹੈ ਕਿ ਸਿਰਫ਼ ਸਤਾ ਲਾਲਸਾ ਲਈ ਉਹ ਪੰਜਾਬੀਆਂ ਨੂੰ ਗੁਮਰਾਹ ਕਰਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੇ ਇਸ ਫ਼ੈਸਲੇ ‘ਤੇ ਮੁੜ ਨਜ਼ਰਸਾਨੀ ਕਰੇ।
