ਮਨਰੇਗਾ ਵਰਕਰਜ਼ ਯੂਨੀਅਨ ਵਲੋਂ ਬੀਡੀਪੀਓ ਦਫ਼ਤਰ ਹਾਜੀਪੁਰ ਵਿਖੇ ਰੋਸ ਧਰਨਾ

0
ee50ca1c-f8b1-4122-a913-531603d708dc

ਸਰਪੰਚ ਵਲੋਂ ਬਲਾਕ ਪ੍ਰਧਾਨ ਨਾਲ ਗਾਲ਼ੀ ਗਲੋਚ ਕਰਨ ਦੇ ਵਿਰੋਧ ’ਚ ਪਹਿਲੀ ਦਸੰਬਰ ਤੋਂ ਯੂਨੀਅਨ ਨੇ ਪੱਕਾ ਮੋਰਚੇ ਦਾ ਐਲਾਨ

ਤਲਵਾਡ਼ਾ, 17 ਨਵੰਬਰ (ਜੋਨੀ ਗੇਰਾ )

ਅੱਜ ਬੀਡੀਪੀਓ ਦਫ਼ਤਰ ਹਾਜੀਪੁਰ ਵਿਖੇ ਮਨਰੇਗਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ। ਉਪਰੰਤ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ ਮਾਰਚ ਕੱਢਿਆ। ਰੋਸ ਧਰਨੇ ਦੀ ਅਗਵਾਈ ਬਲਾਕ ਪ੍ਰਧਾਨ ਬਲਵਿੰਦਰ ਕੌਰ ਨੇ ਕੀਤੀ। ਧਰਨੇ ’ਚ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ, ਸੂਬਾ ਕਨਵੀਨਰ ਦੀਪਕ ਤਲਵਾਡ਼ਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਨੇ ਵੀ ਸ਼ਿਰਕਤ ਕੀਤੀ। ਹਾਜ਼ਰ ਮਨਰੇਗਾ ਮੇਟ ਵਰਕਰਾਂ ਨੇ ਪਿੰਡ ਸਿਬੋਚੱਕ ਦੇ ਸਰਪੰਚ ਵੱਲੋਂ ਬਲਾਕ ਪ੍ਰਧਾਨ ਬਲਵਿੰਦਰ ਕੌਰ ਨਾਲ ਕੀਤੇ ਦੁਰ ਵਿਵਹਾਰ ਅਤੇ ਗਾਲ਼ੀ ਗਲੋਚ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਉੱਥੇ ਹੀ ਬੀਡੀਪੀਓ ਹਾਜੀਪੁਰ ਨੂੰ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ’ਤੇ ਚਿੰਤਾ ਪ੍ਰਗਟਾਈ। ਇਸ ਮੌਕੇ ਬਲਕਾਰ ਸਿੰਘ, ਸੁਰਿੰਦਰ ਕੌਰ, ਸੁਨੀਲ ਕੁਮਾਰ, ਰਾਜ ਕੁਮਾਰ ਆਦਿ ਨੇ ਲੰਘੀ 29 ਤਾਰੀਕ ਨੂੰ ਮਨਰੇਗਾ ਦੇ ਵਫਦ ਦੀ ਪੇਂਡੂ ਵਿਕਾਸ ਭਵਨ ਮੁਹਾਲੀ ਵਿਖੇ ਨੋਡਲ ਅਫ਼ਸਰ ਰਜਨੀ ਮਾਰੀਆ ਨਾਲ ਸੁਖਾਵੇਂ ਮਾਹੌਲ ਵਿਚ ਹੋਈ ਮੀਟਿੰਗ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਜ਼ਿਲ੍ਹਾ ਕੋਆਰਡੀਨੇਟਰ ਮਨਰੇਗਾ ਮਨਦੀਪ ਸਿੰਘ ਵੱਲੋਂ ਮੇਟਾਂ ਨੂੰ ਸੈਮੀ ਸਕਿੱਲਡ ਵੇਜ਼ ਦੇਣ ਦੇ ਦਾਅਵਿਆਂ ਨੂੰ ਝੂਠਾ ਦਸਿਆ। ਸੂਬਾ ਕਨਵੀਨਰ ਦੀਪਕ ਤਲਵਾਡ਼ਾ ਨੇ ਕਿਹਾ ਕਿ ਮਨਰੇਗਾ ਵਰਕਰਾਂ ਨੂੰ ਲਾਜ਼ਮੀ 100 ਦਿਨ ਦਾ ਰੁਜ਼ਗਾਰ ਦੇਣ ਵਿਚ ਸਰਕਾਰ ਅਤੇ ਪ੍ਰਸ਼ਾਸਨ ਬੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਪੰਚਾਇਤਾਂ ਦੇ ਕੰਮ ਜਾਂ ਤਾਂ ਠੱਪ ਪਏ ਹਨ, ਜਾਂ ਫਿਰ ਮਨਰੇਗਾ ਤੋਂ ਬਿਨ੍ਹਾਂ ਚਲਾਏ ਜਾ ਰਹੇ ਹਨ। ਨਹਿਰ, ਜੰਗਲਾਤ, ਨਰਸਰੀਆਂ ਆਦਿ ਵਿਚ ਮਨਰੇਗਾ ਦਾ ਕੰਮ ਲਗਭਗ ਬੰਦ ਪਿਆ ਹੋਇਆ ਹੈ। ਕੰਮ ਹੋਣ ਦੇ ਬਾਵਜੂਦ ਸਹੀ ਯੋਜਨਾਬੰਦੀ ਨਾ ਹੋਣ, ਸਰਕਾਰ ਦੀ ਨਾਲਾਇਕੀ ਅਤੇ ਅਫ਼ਸਰਸ਼ਾਹੀ ਦੀ ਬਦਨਿਅਤੀ ਕਾਰਨ ਮਨਰੇਗਾ ਕਾਮੇ ਫਾਕੇ ਕੱਟਣ ਲਈ ਮਜ਼ਬੂਰ ਹਨ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਪਿੰਡ ਸਿੱਬੋਚੱਕ ਦੇ ਸਰਪੰਚ ਵੱਲੋਂ ਮਹਿਲਾ ਵਰਕਰ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਨਾਲ ਦੁਰਵਿਵਹਾਰ ਤੇ ਗੰਦਾ ਗਾਲ਼ੀ ਗਲੋਚ ਕਰਨ ਦੀ ਘਟਨਾ ਦੀ ਸ਼ਖਤ ਸ਼ਬਦਾਂ ’ਚ ਨਿਖੇਧੀ ਕੀਤ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਪੀਡ਼੍ਹਤ ਵਰਕਰ ਵੱਲੋਂ ਬੀਡੀਪੀਓ ਹਾਜੀਪੁਰ ਨੂੰ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਮੁਲਜ਼ਮ ਸਰਪੰਚ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਜ਼ਰ ਮਨਰੇਗਾ ਵਰਕਰਾਂ ਨੇ ਸਰਪੰਚ ਦੀ ਵਧੀਕੀ ਖ਼ਿਲਾਫ਼ ਪਹਿਲੀ ਦਸੰਬਰ ਤੋਂ ਬੀਡੀਪੀਓ ਦਫ਼ਤਰ ਹਾਜੀਪੁਰ ਮੂਹਰੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਰੇਗਾ ਵਰਕਰਾਂ ਪ੍ਰਤੀ ਬੇਰੁਖੀ ’ਤੇ ਅਫ਼ਸੋਸ ਪ੍ਰਗਟ ਕੀਤਾ। ਉਨ੍ਹਾਂ ਜ਼ਲਦ ਹੀ ਜ਼ਿਲ੍ਹੇ ਦੀ ਮੀਟਿੰਗ ਬੁਲਾ ਕੇ ਜ਼ਿਲ੍ਹਾ ਪੱਧਰ ’ਤੇ ਐਕਸ਼ਨ ਉਲੀਕਣ ਦੀ ਗੱਲ ਕਹੀ। ਇਸ ਉਪਰੰਤ ਮਨਰੇਗਾ ਵਰਕਰਾਂ ਨੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੱਢਿਆ। ਅੰਤ ਬੁਢਾਬਡ਼ ਚੌਂਕ ’ਤੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਨੇ ਆਏ ਹੋਏ ਵਰਕਰਾਂ ਦਾ ਧੰਨਵਾਦ ਕਰਕੇ ਰੋਸ ਮੁਜ਼ਾਹਰਾ ਸਮਾਪਤ ਕੀਤਾ।

Leave a Reply

Your email address will not be published. Required fields are marked *