ਵਿਧਾਇਕ ਦੀ ਪਤਨੀ ਖੁਸ਼ਬੂ ਨੇ ਹੜ੍ਹ ਪ੍ਰਭਾਵਿਤ ਇਲਾਕੇ ‘ਚ ਪਹੁੰਚ ਕੇ ਲੋਕਾਂ ਦਾ ਜਾਣਿਆ ਹਾਲ !


ਫਾਜ਼ਿਲਕਾ, 28 ਅਗਸਤ (ਗੌਰਵ ਸ਼ਰਮਾ) (ਨਿਊਜ਼ ਟਾਊਨ ਨੈੱਟਵਰਕ ) :
ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਜਿੱਥੇ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਵਿੱਚ ਵਿਚਰ ਕੇ ਲੋਕਾਂ ਨੂੰ ਰਾਹਤ ਸਮੱਗਰੀ ਵੰਡ ਰਹੇ ਹਨ ਉੱਥੇ ਹੀ ਉਨ੍ਹਾਂ ਦੀ ਧਰਮਪਤਨੀ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਵੀ ਹੜ੍ਹ ਪੀੜਤ ਲੋਕਾਂ ਵਿੱਚ ਵਿਚਰ ਰਹੇ ਹਨ। ਇਸੇ ਤਹਿਤ ਹੀ ਅੱਜ ਮੈਡਮ ਖੁਸ਼ਬੂ ਨੇ ਫਾਜ਼ਿਲਕਾ ਦੀ ਹੜ੍ਹ ਪ੍ਰਭਾਵਿਤ ਢਾਣੀ ਮੋਹਨਾ ਰਾਮ ਪਹੁੰਚੇ ਕਿਉਂਕਿ ਢਾਣੀ ਤੇ ਪਾਣੀ ਦਾ ਪੱਧਰ ਵਧਣ ਕਾਰਨ ਲੋਕ ਪੀਰ ਬਾਬਾ ਦੀ ਸਮਾਧ ਤੇ ਸ਼ਰਨ ਲੈ ਕੇ ਰਹਿ ਰਹੇ ਹਨ ਮੌਕੇ ਦੀ ਸਥਿਤੀ ਦੇਖਣ ਤੇ ਲੋਕਾਂ ਦਾ ਹਾਲ ਚਾਲ ਜਾਣਨ ਤੇ ਲੋਕਾਂ ਨੂੰ ਰਾਸ਼ਨ ਕਿੱਟਾਂ ਦੀ ਵੰਡ ਕਰਨ ਲਈ ਮੈਡਮ ਖੁਸ਼ਬੂ ਲੋਕਾਂ ਵਿਚਕਾਰ ਪਹੁੰਚੇ।

ਇਸ ਮੌਕੇ ਮੈਡਮ ਖੁਸ਼ਬੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ ਤੇ ਤੁਹਾਡੇ ਵਿਧਾਇਕ ਵੀ ਤੁਹਾਡੇ ਵਿੱਚ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇਲਾਜ ਲਈ ਮੈਡੀਕਲ ਟੀਮ ਪਿੰਡ ਵਿੱਚ ਲਿਆਂਦੀ ਗਈ ਹੈ ਤੇ ਇਸ ਤੋਂ ਇਲਾਵਾ ਰਾਸ਼ਨ ਤੇ ਪਸ਼ੂਆਂ ਲਈ ਵੀ ਹਰਾ ਚਾਰਾ ਤੇ ਫੀਡ ਲਿਆਂਦੀ ਗਈ ਹੈ ਤਾਂ ਜੋ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਹਰ ਸੰਭਵ ਮਦਦ ਕੀਤੀ ਜਾ ਸਕੇ। ਉਨ੍ਹਾਂ ਢਾਣੀ ਮੋਹਨਾ ਰਾਮ ਵਾਸੀਆਂ ਨੂੰ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਸਤਲੁਜ ਦਰਿਆ ਰਾਹੀਂ ਪਾਣੀ ਇੱਥੋਂ ਤੱਕ ਆ ਕੇ ਮਾਰ ਕਰ ਰਿਹਾ ਹੈ ਤੇ ਜਿਸ ਕਾਰਨ ਪਾਣੀ ਦਾ ਪੱਧਰ ਵਧ ਗਿਆ ਹੈ।

ਉਨ੍ਹਾਂ ਇੱਥੋਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੁਣ ਰਾਹਤ ਕੈਂਪਾਂ ਵਿੱਚ ਪਹੁੰਚਣ ਜਿੱਥੇ ਉਨ੍ਹਾਂ ਦੇ ਰਹਿਣ ਸਹਿਣ, ਖਾਣ ਪੀਣ, ਪਾਣੀ ਤੇ ਇਲਾਜ ਆਦਿ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਫਾਜ਼ਿਲਕਾ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਤੇ ਆਪਣਾ ਬਣਦਾ ਸਹਿਯੋਗ ਦੇਣ।