ਵਿਧਾਇਕ ਕੋਟਲੀ ਨੇ ਵਿਧਾਨ ਸਭਾ ‘ਚ ਚੁੱਕਿਆ ਦਲਿਤ ਵਿਦਿਆਰਥੀਆਂ ਦੇ ਦਾਖ਼ਲੇ, ਫੀਸਾਂ ਤੇ ਸਕਾਲਰਸ਼ਿਪ ਦਾ ਮੁੱਦਾ

ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਕੀਤੀ ਮੰਗ

ਫਿਲੌਰ, 13 ਜੁਲਾਈ (ਅੱਪਰਾ ਦੀਪਾ) : ਕਾਗਰਸ ਦੇ ਬੁਲਾਰੇ ਅਤੇ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਪੰਜਾਬ ਵਿਧਾਨਸਭਾ ‘ਚ ਦਲਿਤ ਵਿਦਿਆਰਥੀਆਂ ਦੇ ਦਾਖ਼ਲੇ, ਫ਼ੀਸਾਂ, ਸਕਾਲਰਸ਼ਿਪ ਅਤੇ ਸਕੂਲਾਂ ਕਾਲਜਾਂ ‘ਚ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੇ ਮੁੱਦੇ ਨੂੰ ਜੋਰ-ਸ਼ੋਰ ਨਾਲ ਚੁੱਕਿਆ। ਉਹਨਾਂ ਕਿਹਾ ਕਿ ਵਿਦਿਆਰਥੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਧੱਕੇ ਖਾ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਨੂੰ ਦਾਖ਼ਲਾ ਨਹੀਂ ਦਿੱਤਾ ਜਾਂਦਾ। ਵਿਧਾਇਕ ਕੋਟਲੀ ਨੇ ਸੈਂਟ ਸੋਲਜ਼ਰ ਅਤੇ ਏ.ਪੀ.ਜੇ. ਕਾਲਜ ਜਲੰਧਰ ਤੋਂ ਇਲਾਵਾ ਐਲ.ਪੀ.ਯੂ. ਅਤੇ ਜੀ.ਐਨ.ਏ. ਯੁਨੀਵਰਸਿਟੀ ਫਗਵਾੜਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਖ਼ਬਾਰਾਂ ‘ਚ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ ਅਤੇ ਸਬੂਤ ਵਜੋਂ ਉਹਨਾਂ ਦੇ ਕੋਲ ਵੀਡੀਓ ਵੀ ਮੌਜੂਦ ਹਨ, ਲੇਕਿਨ ਸਰਕਾਰ ਵਲੋਂ ਵਿਦਿਆਰਥੀਆਂ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਦਲਿਤ ਵਿਦਿਆਰਥੀ ਭਟਕਦੇ ਫਿਰ ਰਹੇ ਹਨ। ਉਹਨਾਂ ਸਵਾਲ ਕੀਤਾ ਕਿ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਮੁਕਾਬਲੇ ਪਿਛਲੇ ਤਿੰਨ ਸਾਲਾਂ ਵਿੱਚ ਕਿੰਨੇ ਵਿਦਿਆਰਥੀ ਆਰਥਿਕ ਤੰਗੀ ਕਾਰਨ ਪੜ੍ਹਾਈ ਛੱਡ ਗਏ ਹਨ, ਕਿਉਂਕਿ ਉਹਨਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸਰਕਾਰ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਰਾਸ਼ੀ ਦੀ ਵੰਡ ਨਹੀਂ ਕੀਤੀ ਗਈ। ਉਹਨਾਂ ਸਬੰਧਤ ਵਿਭਾਗ ਦੇ ਮੰਤਰੀ ਤੋਂ ਇਹ ਸਵਾਲ ਵੀ ਕੀਤਾ ਕਿ ਜਿਹੜੀਆਂ ਨਵੀਂਆਂ ਯੂਨੀਵਰਸਿਟੀਆਂ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ, ਕੀ ਉਹਨਾਂ ‘ਚ ਪੋਸਟ ਮੈਟ੍ਰਿਕ ਸਕੀਮ ਤਹਿਤ ਸਕਾਲਰਸ਼ਿਪ ਲਈ ਦਲਿਤ ਵਿਦਿਆਰਥੀਆਂ ਦੇ ਰਾਖਵੇਂਕਰਨ ਦੀ ਸ਼ਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ? ਵਿਧਾਇਕ ਕੋਟਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਕਿ ਨਵੀਂਆਂ ਯੂਨੀਵਰਸਿਟੀਆਂ ਖੋਲ੍ਹਣ ਤੋਂ ਪਹਿਲਾਂ ਜੇਕਰ ਮੌਜੂਦਾ ਵਿਦਿਅਕ ਅਦਾਰਿਆਂ ‘ਚ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਨੂੰ ਹੀ ਪੂਰਾ ਕਰ ਲਿਆ ਜਾਵੇ ਤਾਂ ਵਿਦਿਆਰਥੀਆਂ ਦਾ ਬਹੁਤ ਭਲਾ ਹੋਵੇਗਾ।