ਸ਼ੱਕੀ ਹਾਲਾਤਾਂ ‘ਚ ਗਾਇਬ ਹੋਏ ਮੁਲਾਜ਼ਮ ਦਾ ਅਜੇ ਤਕ ਕੋਈ ਅਤਾ ਪਤਾ ਨਹੀਂ

0
09_07_2025-satinder_singh_23979820_m

ਪਰਿਵਾਰ ਆਪਣੇ ਪੁੱਤ ਦੀ ਕਰ ਰਿਹਾ ਉਡੀਕ

ਮੋਹਾਲੀ,10 ਜੁਲਾਈ (ਨਿਊਜ਼ ਟਾਊਨ ਨੈੱਟਵਰਕ ) ਮੋਹਾਲੀ ਵਿਖੇ ਇਕ ਆਈ. ਪੀ. ਐੱਸ. ਅਫ਼ਸਰ ਦੀ ਸੁਰੱਖਿਆ ‘ਚ ਤਾਇਨਾਤ ਪੁਲਸ ਮੁਲਾਜ਼ਮ ਸਤਿੰਦਰ ਸਿੰਘ ਅਚਾਨਕ ਭੇਤਭਰੇ ਹਾਲਾਤ ’ਚ ਲਾਪਤਾ ਹੋ ਗਿਆ। ਉਹ ਮੰਗਲਵਾਰ ਦੀ ਰਾਤ ਡਿਊਟੀ ਖ਼ਤਮ ਕਰ ਕੇ ਮੋਹਾਲੀ ਤੋਂ ਸਮਾਣਾ ਵਿਖੇ ਆਪਣੇ ਘਰ ਜਾ ਰਿਹਾ ਸੀ ਪਰ ਉਹ ਘਰ ਨਹੀਂ ਪਹੁੰਚਿਆ ਅਤੇ ਉਸ ਦਾ ਮੋਬਾਇਲ ਵੀ ਬੰਦ ਆ ਰਿਹਾ ਹੈ। ਪੁਲਸ ਨੂੰ ਉਸ ਦੀ ਕਾਰ ਪਿੰਡ ਭਾਨਰਾ ਕੋਲੋਂ ਲਾਵਾਰਸ ਹਾਲਤ ‘ਚ ਮਿਲੀ ਹੈ, ਜਿਸ ’ਤੇ ਖ਼ੂਨ ਦੇ ਨਿਸ਼ਾਨ ਲੱਗੇ ਹੋਏ ਸਨ। ਸਤਿੰਦਰ ਸਿੰਘ ਬਾਰੇ ਹਾਲੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਤਿੰਦਰ ਸਿੰਘ ਮੋਹਾਲੀ ਵਿਖੇ ਇੰਟੈਂਲੀਜੈਂਸ ’ਚ ਤਾਇਨਾਤ ਆਈ. ਪੀ. ਐੱਸ. ਅਫ਼ਸਰ ਡਾ. ਸੰਦੀਪ ਗਰਗ ਨਾਲ ਸੁਰੱਖਿਆ ਮੁਲਾਜ਼ਮ ਵਜੋਂ ਤਾਇਨਾਤ ਸੀ।

ਉਹ 2-3 ਦਿਨਾਂ ਬਾਅਦ ਸਮਾਣਾ ਵਿਖੇ ਆਪਣੇ ਘਰ ਜਾਂਦਾ ਸੀ। ਬੀਤੀ ਰਾਤ ਕਰੀਬ ਸਾਢੇ ਨੌਂ ਵਜੇ ਸਤਿੰਦਰ ਸਿੰਘ ਨੇ ਆਪਣੀ ਪਤਨੀ ਨਾਲ ਫੋਨ ‘ਤੇ ਗੱਲਬਾਤ ਵੀ ਕੀਤੀ ਸੀ ਅਤੇ ਵੀਡੀਓ ਕਾਲ ਕਰ ਕੇ ਕਿਹਾ ਸੀ ਕਿ ਉਹ ਜਲਦੀ ਹੀ ਘਰ ਆ ਰਿਹਾ ਹੈ। ਇਸ ਤੋਂ ਇਕ ਘੰਟਾ ਬਾਅਦ ਉਸ ਦੀ ਕਿਸੇ ਪੁਲਸ ਮੁਲਾਜ਼ਮ ਨਾਲ ਫੋਨ ’ਤੇ ਗੱਲ ਹੋਈ। ਜਦੋਂ ਕਰੀਬ 2 ਘੰਟਿਆਂ ਬਾਅਦ ਉਹ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਫੋਨ ਕਰਨਾ ਸ਼ੁਰੂ ਕਰ ਦਿੱਤਾ। ਕੁੱਝ ਦੇਰ ਬਾਅਦ ਉਸ ਦਾ ਮੋਬਾਇਲ ਬੰਦ ਆਉਣ ਲੱਗ ਪਿਆ ਅਤੇ ਪਰਿਵਾਰ ਨੂੰ ਚਿੰਤਾ ਹੋਣ ਲੱਗ ਪਈ। ਸਤਿੰਦਰ ਸਿੰਘ ਦੇ ਮਾਮੇ ਅਵਤਾਰ ਸਿੰਘ ਨੇ ਦੱਸਿਆ ਕਿ ਪਟਿਆਲਾ ਤੋਂ ਸਮਾਣਾ ਰੋਡ ‘ਤੇ ਨਹਿਰ ਦੇ ਨੇੜਿਓਂ ਸਤਿੰਦਰ ਸਿੰਘ ਦੀ ਕਾਰ ਬਰਾਮਦ ਹੋਈ ਹੈ।

ਰਾਤ 12 ਵਜੇ ਤੱਕ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਉਸ ਨੂੰ ਫੋਨ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ। ਉਹ ਸਤਿੰਦਰ ਸਿੰਘ ਨੂੰ ਲੱਭਣ ਲਈ ਘਰੋਂ ਨਿਕਲ ਪਏ ਅਤੇ ਰਸਤੇ ‘ਚ ਉਨ੍ਹਾਂ ਨੂੰ ਨਹਿਰ ਕੋਲੋਂ ਸਤਿੰਦਰ ਸਿੰਘ ਦੀ ਕਾਰ ਮਿਲੀ, ਗੱਡੀ ਖੁੱਲ੍ਹੀ ਪਈ ਸੀ ਅਤੇ ਗੱਡੀ ‘ਚ ਖੂਨ ਦੇ ਧੱਬੇ ਲੱਗੇ ਹੋਏ ਸਨ। ਉਨ੍ਹਾਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਪੁਲਸ ਮੌਕੇ ‘ਤੇ ਪਹੁੰਚ ਗਈ। ਸਤਿੰਦਰ ਸਿੰਘ ਅੰਮ੍ਰਿਤਧਾਰੀ ਹੈ। ਉਸ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਉਹ ਬੇਹੱਦ ਮਿਲਾਪੜੇ ਸੁਭਾਅ ਦਾ ਮਾਲਕ ਹੈ। ਉਸ ਦੇ ਪਰਿਵਾਰ ‘ਚ ਉਸ ਦੇ ਮਾਤਾ-ਪਿਤਾ, ਪਤਨੀ ਤੇ ਇਕ ਛੋਟਾ ਬੱਚਾ ਹੈ, ਜਦਕਿ ਛੋਟਾ ਭਰਾ ਫ਼ੌਜ ’ਚ ਹੈ। ਉਸ ਦਾ ਅਚਾਨਕ ਇਸ ਤਰ੍ਹਾਂ ਗ਼ਾਇਬ ਹੋਣਾ ਪੁਲਸ ਲਈ ਇਕ ਪਹੇਲੀ ਬਣ ਗਿਆ ਹੈ ਕਿਉਂਕਿ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ।

Leave a Reply

Your email address will not be published. Required fields are marked *