ਪਰਵਾਸੀ ਵਲੋਂ ਅਗਵਾ ਕੀਤੀ ਨਾਬਾਲਗ ਲੜਕੀ ਨੂੰ ਕੀਤਾ ਬਰਾਮਦ


ਜਲੰਧਰ, 18 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਜਲੰਧਰ ਪੁਲਿਸ ਨੇ ਦੋ ਮਹੀਨੇ ਪਹਿਲਾਂ ਅਗਵਾ ਹੋਈ ਨਾਬਾਲਗ ਲੜਕੀ ਨੂੰ ਉਤਰ ਪ੍ਰਦੇਸ਼ ਦੇ ਬਹਿਰਾਇਚ ਤੋਂ ਬਰਾਮਦ ਕਰ ਲਿਆ ਅਤੇ ਲੜਕੀ ਨੂੰ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ। ਜਲੰਧਰ ਪੁਲਿਸ ਨੇ ਆਰੋਪੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਇਕ ਪਰਵਾਸੀ ਵਿਅਕਤੀ ਨੇ ਜਲੰਧਰ ਸਥਿਤ ਇੰਦਰਾ ਕਲੋਨੀ ਤੋਂ ਇਕ ਨਾਬਾਲਗ ਲੜਕੀ ਨੂੰ ਅਗਵਾ ਕਰ ਲਿਆ ਸੀ। ਜਿਸ ਤੋਂ ਬਾਅਦ ਆਰੋਪੀ ਨਾਬਾਲਗ ਲੜਕੀ ਨੂੰ ਉਤਰ ਪ੍ਰਦੇਸ਼ ਦੇ ਬਹਿਰਾਇਚ ਵਿਖੇ ਲੈ ਗਿਆ।
ਪਰਿਵਾਰ ਵਾਲਿਆਂ ਵੱਲੋਂ ਲੜਕੀ ਦੇ ਅਗਵਾ ਹੋਣ ਸਬੰਧੀ ਮਾਮਲਾ ਦਰਜ ਕਰਵਾਇਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇੱਕ ਟੀਮ ਪਰਿਵਾਰਕ ਮੈਂਬਰਾਂ ਸਮੇਤ ਬਹਿਰਾਇਚ ਭੇਜੀ ਗਈ। ਸਥਾਨਕ ਪੁਲਿਸ ਨਾਲ ਸੰਪਰਕ ਕਰਨ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਛਾਪਾ ਮਾਰਿਆ ਅਤੇ ਲੜਕੀ ਨੂੰ ਬਰਾਮਦ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ।