ਮੋਹਾਲੀ ‘ਚ ਪ੍ਰਵਾਸੀਆਂ ਨੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ

0
Screenshot 2026-02-16 154700

ਕਿਰਚਾਂ ਮਾਰ ਕੇ ਗੁਰਸੇਵਕ ਸਿੰਘ ਨੂੰ ਉਤਾਰਿਆ ਮੌਤ ਦੇ ਘਾਟ

ਮੋਹਾਲੀ, 16 ਫਰਵਰੀ (ਸਚਿਨ ਸ਼ਰਮਾ) : ਪੰਜਾਬ ‘ਚ ਇੱਕ ਵਾਰ ਫਿਰ ਪ੍ਰਵਾਸੀਆਂ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਹੁਣ ਮੋਹਾਲੀ ‘ਚ ਮੁੜ ਕੁੰਬੜਾ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਫੇਜ਼ 11 ‘ਚ ਇਕ 28 ਸਾਲਾ ਪੰਜਾਬੀ ਨੌਜਵਾਨ ਗੁਰਸੇਵਕ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਪ੍ਰਵਾਸੀਆਂ ਵੱਲੋਂ ਇਕੱਠੇ ਹੋ ਕੇ ਪੰਜਾਬੀ ਨੌਜਵਾਨ ਨੂੰ ਚਾਕੂ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪਰਿਵਾਰ ਮੁਤਾਬਕ ਗੁਰਸੇਵਕ ਸਿੰਘ, ਫੇਜ਼ 11 ਦੇ ਮੰਦਰ ‘ਚੋਂ ਮੱਥਾ ਟੇਕ ਕੇ ਬਾਹਰ ਆ ਰਿਹਾ ਸੀ, ਜਿਸ ਦੌਰਾਨ ਪਰਵਾਸੀ ਮਜਦੂਰਾਂ ਨੇ ਇਕੱਠੇ ਹੋ ਕੇ ਉਸ ਉਪਰ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਗੁਰਸੇਵਕ ਸਿੰਘ ਨੂੰ ਖੂਨ ਨਾਲ ਲੱਥਪੱਥ ਗੰਭੀਰ ਹਾਲਤ ਵਿੱਚ ਮੋਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਪੀੜਤ ਪਰਿਵਾਰਕ ਮੈਂਬਰਾਂ ਨੇ ਫੋਰਟਿਸ ਹਸਪਤਾਲ ਦੇ ਬਾਹਰ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ ਅਤੇ ਪੰਜਾਬ ਸਰਕਾਰ ਵਿਰੁਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਐਸਐਸਪੀ ਹਰਮਨਦੀਪ ਸਿੰਘ ਹਾਂਸ ਖੁਦ ਮੌਕੇ ’ਤੇ ਪੁੱਜੇ। ਐਸਐਸਪੀ ਨੇ ਕਿਹਾ ਕਿ ਪਰਵਾਸੀ ਨੌਜਵਾਨਾਂ ਦੀ ਆਪਸ ਵਿੱਚ ਲੜਾਈ ਹੋਈ ਸੀ। ਨੌਜਵਾਨ ਹੰਗਾਮਾ ਕਰ ਰਹੇ ਸਨ। ਇਸ ਦੌਰਾਨ ਗੁਰਸੇਵਕ ਦੇ ਸੱਟਾਂ ਵੱਜੀਆਂ, ਜਿਸ ਤੋਂ ਬਾਅਦ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਪਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਉਧਰ ਪਰਿਵਾਰ ਦਾ ਦੋਸ਼ ਹੈ ਕਿ ਬੇਟੇ ਦਾ ਸਹੀ ਇਲਾਜ ਨਹੀਂ ਕਰਵਾਇਆ ਗਿਆ। ਜਦੋਂ ਬੇਟੇ ਨੂੰ ਫ਼ੋਰਟਿਸ ਹਸਪਤਾਲ ਲਿਆਂਦਾ ਗਿਆ ਤਾਂ ਦੋ ਘੰਟੇ ਤੱਕ ਉਸ ਦਾ ਇਲਾਜ ਨਹੀਂ ਕੀਤਾ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਇਸ ‘ਤੇ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਨੌਜਵਾਨ ਨੂੰ ਹਸਪਤਾਲ ‘ਚ ਲਿਆਉਣ ਤੋਂ ਬਾਅਦ ਉਸ ਨੂੰ ਕਦੋਂ ਦਾਖਲ ਕਰਵਾਇਆ ਗਿਆ? ਉਸਦਾ ਇਲਾਜ ਕਦੋਂ ਸ਼ੁਰੂ ਹੋਇਆ? ਅਸੀਂ ਹਰ ਚੀਜ਼ ਦੀ ਪੁਸ਼ਟੀ ਕਰਾਂਗੇ। ਪੁਲਿਸ ਵੀ ਮੌਕੇ ‘ਤੇ ਪਹੁੰਚੀ ਹੋਈ ਸੀ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਰਵਾਸੀ ਮਜਦੂਰਾਂ ਵੱਲੋਂ ਨੌਜਵਾਨ ‘ਤੇ ਹਮਲੇ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਲਿਆ ਹੈ।ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਬੋਰਡ ਆਫ਼ ਡਾਇਰੈਕਟਰਜ਼ ਦਾ ਗਠਨ ਕੀਤਾ ਗਿਆ ਹੈ। ਇਸ ਨਾਲ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪਹਿਲਾਂ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ, ਪਰ ਹੁਣ ਕਤਲ ਦਾ ਕੇਸ ਦਰਜ ਕਰ ਲਿਆ ਹੈ। 5 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਪਰਿਵਾਰ ਸ਼ਾਂਤ ਹੋ ਸਕਿਆ।

Leave a Reply

Your email address will not be published. Required fields are marked *