ਮੈਕਸਿਕੋ ਦੀ ਫ਼ਾਤਮਾ ਬੋਚ ਫ਼ਰਨਾਂਡੇਜ਼ ਬਣੀ ਮਿਸ ਯੂਨੀਵਰਸ 2025

ਭਾਰਤ ਦੀ ਮਨਿਕਾ ਵਿਸ਼ਵਕਰਮਾ ਟੌਪ-30 ਤਕ ਹੀ ਪਹੁੰਚ ਸਕੀ

(ਨਿਊਜ਼ ਟਾਊਨ ਨੈਟਵਰਕ)
ਮੈਕਸਿਕੋ, 21 ਨਵੰਬਰ : ਮੈਕਸਿਕੋ ਦੀ ਫ਼ਾਤਮਾ ਬੋਚ ਫ਼ਰਨਾਂਡੇਜ਼ ਨੇ ਮਿਸ ਯੂਨੀਵਰਸ-2025 ਦਾ ਖਿਤਾਬ ਜਿੱਤ ਲਿਆ ਹੈ। ਫ਼ਾਤਮਾ ਬੋਚ 25 ਸਾਲ ਦੀ ਹੈ। ਭਾਰਤ ਵਲੋਂ ਭੇਜੀ ਗਈ ਮਨਿਕਾ ਵਿਸ਼ਵਕਰਮਾ ਟੌਪ-30 ਤਕ ਪਹੁੰਚੀ ਪਰ ਟੌਪ-12 ਵਿਚ ਆਪਣੀ ਜਗ੍ਹਾ ਨਾ ਬਣਾ ਸਕੀ। ਚਾਰ ਰਾਊਂਡਾਂ ਤੋਂ ਬਾਅਦ ਟੌਪ-5 ਵਿਚ ਥਾਈਲੈਂਡ ਦੀ ਪ੍ਰਵੀਨਾਰ ਸਿੰਘ, ਫ਼ਿਲੀਪੀਨਜ਼ ਦੀ ਆਤੀਸ਼ਾ ਮਨਾਲੋ, ਵੇਨੇਜ਼ੂਏਲਾ ਦੀ ਸਟੀਫ਼ਨੀ ਅਬਸਾਲੀ, ਮੈਕਸਿਕੋ ਦੀ ਫ਼ਾਤਮਾ ਬੋਚ ਫ਼ਰਨਾਂਡੇਜ਼ ਅਤੇ ਆਈਵਰੀ ਕੋਸਟ ਦੀ ਓਲਿਵੀਆ ਯਾਸੇ ਸ਼ਾਮਲ ਹੋਈਆਂ। ਇਸ ਤੋਂ ਬਾਅਦ ਮੈਕਸਿਕੋ ਦੀ ਫ਼ਾਤਮਾ ਬੋਚ ਨੂੰ ਵਿਜੇਤਾ ਐਲਾਨ ਕੀਤਾ ਗਿਆ। ਟਾਈਟਲ ਮੁਕਾਬਲੇ ਦੌਰਾਨ ਮਿਸ ਮੈਕਸੀਕੋ ਤੋਂ ਪੁੱਛਿਆ ਗਿਆ ਕਿ ਤੁਹਾਡੇ ਮੁਤਾਬਕ ਸਾਲ 2025 ਵਿਚ ਇਕ ਮਹਿਲਾ ਹੋਣ ਦੇ ਕੀ ਚੈਲੇਂਜ ਹਨ ਅਤੇ ਤੁਸੀਂ ਮਿਸ ਯੂਨੀਵਰਸ ਦਾ ਟਾਈਟਲ ਦੁਨੀਆਂ ਭਰ ਦੀਆਂ ਮਹਿਲਾਵਾਂ ਲਈ ਸੁਰੱਖਿਅਤ ਥਾਂ ਬਣਾਉਣ ਲਈ ਕਿਵੇਂ ਵਰਤੋਂਗੇ? ਇਸ ‘ਤੇ ਫ਼ਾਤਮਾ ਬੋਚ ਨੇ ਪੂਰੇ ਯਕੀਨ ਨਾਲ ਕਿਹਾ ਕਿ, “ਇਕ ਮਹਿਲਾ ਅਤੇ ਮਿਸ ਯੂਨੀਵਰਸ ਹੋਣ ਦੇ ਨਾਤੇ, ਮੈਂ ਆਪਣੀ ਆਵਾਜ਼ ਅਤੇ ਤਾਕਤ ਨੂੰ ਦੂਜਿਆਂ ਦੀ ਸੇਵਾ ਵਿਚ ਲਗਾਵਾਂਗੀ। ਕਿਉਂਕਿ ਅੱਜ ਕੱਲ ਅਸੀਂ ਇੱਥੇ ਬੋਲਣ, ਬਦਲਾਅ ਲਿਆਉਣ ਅਤੇ ਸਭ ਕੁਝ ਦੇਖਣ ਲਈ ਹਾਂ, ਕਿਉਂਕਿ ਅਸੀਂ ਮਹਿਲਾਵਾਂ ਹਾਂ ਅਤੇ ਜੋ ਬਹਾਦੁਰ ਲੋਕ ਖੜੇ ਹੋਣਗੇ…ਉਹੀ ਇਤਿਹਾਸ ਬਣਾਉਣਗੇ। ਅੱਜ ਵੀ ਮਹਿਲਾਵਾਂ ਨੂੰ ਸੁਰੱਖਿਆ ਤੋਂ ਲੈ ਕੇ ਬਰਾਬਰ ਮੌਕਿਆਂ ਤਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਪੀੜ੍ਹੀ ਹੁਣ ਬੋਲਣ ਤੋਂ ਨਹੀਂ ਡਰਦੀ। ਮਹਿਲਾਵਾਂ ਵਿਚ ਹੁਣ ਬਦਲਾਅ ਦੀ ਮੰਗ ਕਰਨ, ਲੀਡਰਸ਼ਿਪ ਵਿਚ ਆਪਣੀ ਜਗ੍ਹਾ ਬਣਾਉਣ ਅਤੇ ਉਹਨਾਂ ਗੱਲਬਾਤਾਂ ਨੂੰ ਨਵਾਂ ਰੂਪ ਦੇਣ ਦੀ ਹਿੰਮਤ ਹੈ ਜੋ ਪਹਿਲਾਂ ਉਨ੍ਹਾਂ ਨੂੰ ਬਾਹਰ ਰੱਖਦੀਆਂ ਸਨ।”
