ਚੰਡੀਗੜ੍ਹ ‘ਚ ਮੈਟਰੋ ਲਈ ਮੁੜ ਬੱਝੀ ਆਸ, ਅਧਿਕਾਰੀਆਂ ਦੀ ਬੈਠਕ ਅੱਜ


ਚੰਡੀਗੜ੍ਹ 17 ਜੂਨ ( ਨਿਊਜ਼ ਟਾਊਨ ਨੈੱਟਵਰਕ ) 13 ਸਾਲ ਪਹਿਲਾਂ ਸ਼ੁਰੂ ਹੋਇਆ ਚੰਡੀਗੜ੍ਹ ਮੈਟਰੋ ਪ੍ਰੋਜੈਕਟ 2017 ਵਿੱਚ ਰੋਕ ਦਿੱਤਾ ਗਿਆ ਸੀ। ਪਰ ਹੁਣ ਇਸਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ ਤੇਜ਼ ਹੋ ਗਈਆਂ ਹਨ। ਮੰਗਲਵਾਰ ਨੂੰ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇੱਕ ਅਹਿਮ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ RITES ਲਿਮਟਿਡ ਦੀ “ਸਿਨੇਰੀਓ ਐਨਾਲਿਸਿਸ ਰਿਪੋਰਟ (SAR)” ‘ਤੇ ਚਰਚਾ ਕੀਤੀ ਜਾਵੇਗੀ। ਇਸ ਰਿਪੋਰਟ ਵਿੱਚ ਮੈਟਰੋ ਪ੍ਰੋਜੈਕਟ (Metro project) ਦੀ ਹਰ ਪਹਿਲੂ ਤੋਂ ਗਹਿਰਾਈ ਨਾਲ ਜਾਂਚ ਕੀਤੀ ਗਈ ਹੈ।

ਇਹ ਮੀਟਿੰਗ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੰਬਰ 2024 ਵਿੱਚ ਬਣਾਈ ਗਈ ਸਾਂਝੀ ਕਮੇਟੀ ਦੀ ਅਗਵਾਈ ਹੇਠ ਹੋਵੇਗੀ। ਇਸ ਤੋਂ ਪਹਿਲਾਂ ਵੀ ਜਨਵਰੀ ਅਤੇ ਫਰਵਰੀ ਮਹੀਨੇ ਵਿੱਚ ਇਸ ਕਮੇਟੀ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ।

RITES ਦੀ ਰਿਪੋਰਟ ਵਿੱਚ ਕੀ ਹੈ
RITES ਲਿਮਟਿਡ (Rail India Technical and Economic Service), ਜੋ ਕਿ ਇੱਕ ਸਰਕਾਰੀ ਇੰਜੀਨੀਅਰਿੰਗ ਕੰਸਲਟੈਂਸੀ ਕੰਪਨੀ ਹੈ, ਨੇ ਆਪਣੀ ਰਿਪੋਰਟ ਵਿੱਚ ਟ੍ਰੈਫਿਕ ਦੀ ਮੰਗ, ਜੋਨਲ ਵਿਸ਼ਲੇਸ਼ਣ, ਹਾਈਵੇ ਨੈੱਟਵਰਕ, ਯਾਤਰੀਆਂ ਦੀ ਗਿਣਤੀ, ਓਪਰੇਸ਼ਨਲ ਘੰਟੇ, ਰੇਲ ਸੇਵਾ ਦੀ ਯੋਜਨਾ, ਪਾਵਰ ਸਪਲਾਈ ਸਿਸਟਮ, ਨਿਰਮਾਣ ਲਾਗਤ, ਆਰਥਿਕ ਅਤੇ ਵਿੱਤੀ ਲਾਭ-ਨੁਕਸਾਨ ਆਦਿ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ।

ਰਿਪੋਰਟ ਮੁਤਾਬਕ, ਪ੍ਰਸਤਾਵਿਤ ਮੈਟਰੋ 3 ਕਾਰਿਡੋਰਾਂ ਵਿੱਚ 85.65 ਕਿ.ਮੀ ਲੰਬੀ ਹੋਏਗੀ। ਜੇਕਰ ਇਹ ਪੂਰੀ ਤਰ੍ਹਾਂ ਐਲੀਵੇਟਡ (Scenario G) ਬਣਾਈ ਜਾਂਦੀ ਹੈ ਤਾਂ ਇਸ ਦੀ ਲਾਗਤ ₹23,263 ਕਰੋੜ ਹੋਏਗੀ ਅਤੇ ਜੇਕਰ ਇਹ ਅੰਡਰਗ੍ਰਾਊਂਡ ਬਣੀ ਤਾਂ ਲਾਗਤ ₹27,680 ਕਰੋੜ ਤੱਕ ਪਹੁੰਚ ਜਾਵੇਗੀ। ਨਿਰਮਾਣ ਸਮੇਤ 2031 ਤੱਕ ਇਸ ਦੀ ਕੁੱਲ ਲਾਗਤ ਐਲੀਵੇਟਡ ਲਈ ₹25,631 ਕਰੋੜ ਅਤੇ ਅੰਡਰਗ੍ਰਾਊਂਡ ਲਈ ₹30,498 ਕਰੋੜ ਅੰਦਾਜ਼ਿਤ ਕੀਤੀ ਗਈ ਹੈ।
