ਮੌਸਮ ਵਿਭਾਗ ਦੀ ਭਵਿੱਖਵਾਣੀ: ਜੂਨ ‘ਚ ਟੁੱਟ ਸਕਦਾ ਹੈ ਮੀਂਹ ਦਾ ਰਿਕਾਰਡ!


ਚੰਡੀਗੜ੍ਹ/ਨਵੀਂ ਦਿੱਲੀ, 19 ਜੂਨ (ਨਿਊਜ਼ ਟਾਊਨ ਨੈਟਵਰਕ) : ਦਿੱਲੀ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫ਼ਤੇ ਲਗਾਤਾਰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਜੂਨ ਵਿਚ ਬਾਰਿਸ਼ ਰਿਕਾਰਡ ਤੋੜ ਸਕਦੀ ਹੈ।
ਦੱਸ ਦਈਏ ਕਿ ਪੰਜਾਬ ਵਿਚ ਬੀਤੇ ਦਿਨ ਤੋਂ ਹੀ ਕਈ ਜ਼ਿਲ੍ਹਿਆਂ ਅੰਦਰ ਲਗਾਤਾਰ ਬਾਰਿਸ਼ ਹੋਈ, ਜਿਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਨੇ ਪ੍ਰੀ ਮਾਨਸੂਨ ਦੀ ਬਾਰਿਸ਼ ਦੱਸਿਆ ਹੈ। ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਮੁਤਾਬਕ ਆਉਂਦੇ ਕੁਝ ਦਿਨ ਵਿਚਕਾਰ ਅਜਿਹਾ ਹੀ ਮੌਸਮ ਬਣਿਆ ਰਹੇਗਾ। ਫਿਰ 21 ਅਤੇ 22 ਜੂਨ ਨੂੰ ਭਾਰੀ ਬਾਰਿਸ਼ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। 25 ਜੂਨ ਤੱਕ ਮਾਨਸੂਨ ਦੀ ਪੰਜਾਬ ਦੇ ਵਿਚ ਆਮਦ ਹੋ ਜਾਵੇਗੀ। ਬੀਤੇ ਦਿਨ ਹੋਈ ਬਾਰਿਸ਼ ਦੇ ਨਾਲ ਤਾਪਮਾਨ ਵਿਚ ਵੀ ਗਿਰਾਵਟ ਵੇਖਣ ਨੂੰ ਮਿਲੀ ਹੈ।
ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਨੇ ਇਸ ਹਫ਼ਤੇ ਮੁੜ ਗਤੀ ਫੜ ਲਈ ਹੈ ਅਤੇ ਇਹ 25 ਜੂਨ ਤੱਕ ਦਿੱਲੀ ਸਮੇਤ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਹੁੰਚ ਸਕਦਾ ਹੈ। ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਵਿਚ ਵੀ ਇਸੇ ਸਮੇਂ ਐਂਟਰੀ ਹੋਵੇਗੀ। ਜੇ ਅਜਿਹਾ ਹੁੰਦਾ ਹੈ ਤਾਂ ਇਹ ਆਮ ਨਾਲੋਂ ਬਹੁਤ ਪਹਿਲਾਂ ਹੋਵੇਗਾ। ਮੌਨਸੂਨ 24 ਮਈ ਨੂੰ ਕੇਰਲਾ ਪਹੁੰਚਿਆ ਸੀ।
ਅਗਲੇ ਕੁੱਝ ਦਿਨਾਂ ਵਿਚ ਇਹ ਮਾਨਸੂਨ ਤੇਜ਼ੀ ਨਾਲ ਵਧਿਆ ਅਤੇ 29 ਮਈ ਤੱਕ ਮੁੰਬਈ ਸਮੇਤ ਕੇਂਦਰੀ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਅਤੇ ਪੂਰੇ ਉੱਤਰ-ਪੂਰਬ ਵਿਚ ਪਹੁੰਚ ਗਿਆ। ਹਾਲਾਂਕਿ 28-29 ਮਈ ਤੋਂ 10-11 ਜੂਨ ਤੱਕ ਇਹ ਰੁਕ ਗਿਆ ਅਤੇ ਹੁਣ ਇਹ ਮੁੜ ਸਰਗਰਮ ਹੋ ਗਿਆ ਹੈ। ਅੱਜ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਕੁਝ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ।
ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਵਾਰਾਣਸੀ ਵਿਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਇੰਦੌਰ ਵਿਚ ਵੀ ਬੱਦਲਵਾਈ ਰਹੇਗੀ, ਜਿੱਥੇ ਬਾਰਿਸ਼ ਕਿਸਾਨਾਂ ਲਈ ਫਾਇਦੇਮੰਦ ਹੋ ਸਕਦੀ ਹੈ, ਪਰ ਸ਼ਹਿਰੀ ਖੇਤਰਾਂ ਵਿਚ ਸਮੱਸਿਆਵਾਂ ਵਧ ਸਕਦੀਆਂ ਹਨ। ਮੁੰਬਈ ਵਿਚ ਲਗਾਤਾਰ ਬਾਰਿਸ਼ ਕਾਰਨ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ ਅਤੇ ਸਥਾਨਕ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।