ਮਾਤਾ ਗੁਜਰੀ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵਲੋਂ ਗੈਸਟ ਲੈਕਚਰ ਕਰਵਾਇਆ


ਫਤਿਹਗੜ੍ਹ ਸਾਹਿਬ, 17 ਨਵੰਬਰ (ਰਾਜਿੰਦਰ ਸਿੰਘ ਭੱਟ)
ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਅਰਥ ਸ਼ਾਸਤਰ ਵਿਭਾਗ ਵੱਲੋਂ ਬੀ. ਏ. ਆਨਰਜ਼ (ਇਕਨਾਮਿਕਸ) ਅਤੇ ਐਮ. ਏ. ਇਕਨਾਮਿਕਸ ਅਤੇ ਬੀ. ਏ. ਆਨਰਜ਼ (ਸੋਸ਼ਲ ਸਾਇੰਸਜ਼) ਦੇ ਵਿਦਿਆਰਥੀਆਂ ਦੇ ਲਈ ਇੱਕ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਕੇਸਰ ਸਿੰਘ ਭੰਗੂ, ਪ੍ਰੋਫੈਸਰ ਅਤੇ ਡੀਨ (ਰਿਟਾਇਰਡ) ਨੇ ਵਿਦਿਆਰਥੀਆਂ ਨੂੰ “ਪੰਜਾਬ ਦਾ ਆਰਥਿਕ ਸੰਕਟ: ਅਤੀਤ, ਵਰਤਮਾਨ ਅਤੇ ਭਵਿੱਖ” ਵਿਸ਼ੇ ਤੇ ਲੈਕਚਰ ਦਿੱਤਾ ਇਸ ਲੈਕਚਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪੰਜਾਬ ਦੀ ਆਰਥਿਕਤਾ ਨੂੰ ਦਰਪੇਸ਼ ਆਰਥਿਕ ਸਮੱਸਿਆਵਾਂ ਅਤੇ ਉਨ੍ਹਾਂ ਦੇ ਸੰਭਾਵੀ ਹੱਲਾਂ ਤੋਂ ਜਾਣੂ ਕਰਵਾਉਣਾ ਸੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਲੈਕਚਰ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰ ਕੇ ਉਨ੍ਹਾਂ ਦੇ ਵੱਖ ਵੱਖ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿਚ ਸਹਾਇਕ ਸਿੱਧ ਹੁੰਦੇ ਹਨ। ਸਮਾਗਮ ਦੀ ਸ਼ੁਰੂਆਤ ਸਮੇਂ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਜੁਪਿੰਦਰ ਸਿੰਘ ਨੇ ਮੁੱਖ ਵਕਤਾ ਡਾ. ਕੇਸਰ ਸਿੰਘ ਭੰਗੂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਨਾਲ ਵਿਭਾਗ ਦੇ ਵਿਦਿਆਰਥੀਆਂ ਦੀ ਜਾਣ-ਪਹਿਚਾਣ ਕਰਵਾਈ। ਇਸ ਮੌਕੇ ਡਾ. ਹਰਸਿਮਰਨ ਸਿੰਘ (ਇੰਚਾਰਜ ਪਲਾਨਿੰਗ ਫੋਰਮ) ਵੱਲੋਂ ਵਿਦਿਆਰਥੀਆਂ ਨਾਲ ਪੰਜਾਬ ਦੀ ਆਰਥਿਕਤਾ ਦੇ ਹਾਲਾਤਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਉਪਰੰਤ ਵਿਭਾਗ ਵੱਲੋਂ ਡਾ. ਜਗਪਾਲ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਪ੍ਰੋ. ਜੁਪਿੰਦਰ ਸਿੰਘ (ਮੁਖੀ), ਪ੍ਰੋ. ਜੁਪਿੰਦਰ ਸਿੰਘ, ਡਾ. ਜਗਪਾਲ ਸਿੰਘ, ਡਾ. ਹਰਸਿਮਰਨ ਸਿੰਘ, ਡਾ. ਗੁਰਜਿੰਦਰ ਕੌਰ, ਪ੍ਰੋ. ਰਾਜਵੀਰ ਕੌਰ, ਪ੍ਰੋ. ਮਨਪ੍ਰੀਤ ਕੌਰ ਅਤੇ ਸਮੂਹ ਵਿਭਾਗੀ ਵਿਦਿਆਰਥੀ ਹਾਜ਼ਰ ਸਨ।
