ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਕੀਤਾ ਜਾਵੇਗਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦਾ ਆਰੰਭ

0
WhatsApp Image 2025-10-16 at 6.06.37 PM

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 16 ਅਕਤੂਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਲੜੀਵਾਰ ਸਮਾਗਮਾਂ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ 25 ਅਕਤੂਬਰ ਨੂੰ ਕੌਮੀ ਰਾਜਧਾਨੀ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਰਦਾਸ ਕਰਕੇ ਕੀਤੀ ਜਾਵੇਗੀ।
ਅੱਜ ਨਵੀਂ ਦਿੱਲੀ ਵਿੱਚ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ 25 ਅਕਤੂਬਰ ਨੂੰ ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਹੋਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਰੇ ਕੈਬਨਿਟ ਮੰਤਰੀ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋਣਗੀਆਂ। ਇਸ ਮੌਕੇ ਮੁੱਖ ਮੰਤਰੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਥਾਨ ’ਤੇ ਜਾ ਕੇ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ ਜਿਨ੍ਹਾਂ ਨੇ ਗੁਰੂ ਸਾਹਿਬ ਪ੍ਰਤੀ ਸਿਦਕ ਨਿਭਾਉਂਦਿਆਂ ਲਾਸਾਨੀ ਕੁਰਬਾਨੀ ਦਿੱਤੀ। ਉਨ੍ਹਾਂ ਦੱਸਿਆ ਕਿ 25 ਅਕਤੂਬਰ ਦੀ ਸ਼ਾਮ ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਧਾਰਮਿਕ ਆਜ਼ਾਦੀ ਲਈ ਬਲੀਦਾਨ ਦਿੱਤਾ ਸੀ ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। ਨੌਵੇਂ ਪਾਤਸ਼ਾਹ ਸਾਂਝੀਵਾਲਤਾ ਤੇ ਧਰਮ ਨਿਰਪੱਖਤਾ ਦੇ ਮੁਦੱਈ ਸਨ ਅਤੇ ਗੁਰੂ ਸਾਹਿਬ ਜੀ ਦਾ ਮਹਾਨ ਜੀਵਨ ਅਤੇ ਫਲਸਫਾ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਹਿਲੀ ਨਵੰਬਰ ਤੋਂ 18 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ ਜਿਸ ਵਿਚ ਸ੍ਰੀ ਗੁਰੂ ਤੇਗ ਬਹਾਦਹ ਜੀ ਦੇ ਮਹਾਨ ਜੀਵਨ ਅਤੇ ਫਲਸਫੇ ਨੂੰ ਦਰਸਾਇਆ ਜਾਵੇਗਾ। ਉਨਾਂ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਨਗਰਾਂ ਤੇ ਸ਼ਹਿਰਾਂ ਵਿਚ ਕੀਰਤਨ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਗੁਰੂ ਸਾਹਿਬ ਦੇ ਜੀਵਨ, ਉਨ੍ਹਾਂ ਦੇ ਫਲਸਫ਼ੇ ਅਤੇ ਮਹਾਨ ਬਲੀਦਾਨ, ਜਿਸ ਤੋਂ ਦੁਨੀਆ ਭਰ ਦੇ ਲੱਖਾਂ ਲੋਕ ਪ੍ਰੇਰਨਾ ਲੈਂਦੇ ਹਨ, ਬਾਰੇ ਲੋਕਾਈ ਨੂੰ ਜਾਣੂੰ ਕਰਵਾਉਣ ਉਤੇ ਕੇਂਦਰਿਤ ਹੋਵੇਗਾ। ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਸ੍ਰੀਨਗਰ (ਜੰਮੂ-ਕਸ਼ਮੀਰ) ਵਿੱਚ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਅਗਲੇ ਦਿਨ 19 ਨਵੰਬਰ ਨੂੰ ਸ੍ਰੀਨਗਰ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿੱਚ ਸੈਂਕੜੇ ਕਸ਼ਮੀਰੀ ਪੰਡਿਤ ਵੀ ਸੰਗਤ ਨਾਲ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ 19 ਨਵੰਬਰ ਨੂੰ ਜੰਮੂ ਵਿਖੇ, 20 ਨਵੰਬਰ ਨੂੰ ਪਠਾਨਕੋਟ ਵਿੱਚ ਅਤੇ 21 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਠਹਿਰਾਅ ਕਰੇਗਾ ਅਤੇ 22 ਨਵੰਬਰ ਨੂੰ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਸੰਪੂਰਨ ਹੋਵੇਗਾ। ਇਸੇ ਦੌਰਾਨ 20 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ), ਫ਼ਰੀਦਕੋਟ ਅਤੇ ਗੁਰਦਾਸਪੁਰ ਤੋਂ ਤਿੰਨ ਨਗਰ ਕੀਰਤਨ ਸਜਾਏ ਜਾਣਗੇ ਅਤੇ ਇਹ ਸਾਰੇ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੰਪੂਰਨ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਯਾਦਗਾਰੀ ਮੌਕੇ ਸੂਬਾ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ 23 ਨਵੰਬਰ ਤੋਂ 25 ਨਵੰਬਰ ਤੱਕ ਵਿਆਪਕ ਪੱਧਰ ’ਤੇ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੱਡੀ ਗਿਣਤੀ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਠਹਿਰਾਅ ਲਈ ਟੈਂਟ ਸਿਟੀ ਬਣਾਈ ਜਾਵੇਗੀ, ਜਿਸ ਦਾ ਨਾਮ ‘ਚੱਕ ਨਾਨਕੀ’ ਹੋਵੇਗਾ। ਇਸ ਟੈਂਟ ਸਿਟੀ ਵਿੱਚ ਰੋਜ਼ਾਨਾ 15 ਹਜ਼ਾਰ ਸੰਗਤ ਦੇ ਠਹਿਰਨ ਦੀ ਸਮਰੱਥਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਨਗਰੀ ਵਿੱਚ ਸਰਬ ਧਰਮ ਸੰਮੇਲਨ ਵੀ ਕਰਵਾਇਆ ਜਾਵੇਗਾ। ਇਸ ਇਤਿਹਾਸਕ ਨਗਰੀ ਵਿੱਚ ਗੁਰੂ ਸਾਹਿਬ ਦੇ ਜੀਵਨ ਤੇ ਫਲਸਫ਼ੇ ਨੂੰ ਦਰਸਾਉਂਦੀ ਪ੍ਰਦਰਸ਼ਨੀ ਤੇ ਡਰੋਨ ਸ਼ੋਅ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾਵੇਗਾ ਜਿੱਥੇ ਗੁਰੂ ਸਾਹਿਬ ਜੀ ਦੇ ਮਹਾਨ ਜੀਵਨ, ਫਲਸਫੇ ਅਤੇ ਮਨੁੱਖੀ ਹੱਕਾਂ ਤੇ ਧਾਰਮਿਕ ਆਜ਼ਾਦੀ ਲਈ ਦਿੱਤੇ ਬਲੀਦਾਨ ਬਾਰੇ ਉੱਘੀਆਂ ਸ਼ਖਸੀਅਤਾਂ ਆਪਣੇ ਵਿਚਾਰ ਸਾਂਝੇ ਕਰਨਗੀਆਂ।

Leave a Reply

Your email address will not be published. Required fields are marked *