ਹਿਮਾਚਲ ਦੇ ਧਰਮਸ਼ਾਲਾ ‘ਚ ਭਾਰੀ ਮੀਂਹ ਦਾ ਕਹਿਰ

ਮਨੂਨੀ ਖੱਡ ‘ਚ ਹੜ੍ਹ ‘ਚ ਕਈ ਮਜ਼ਦੂਰ ਰੁੜ੍ਹੇ, 2 ਲਾਸ਼ਾਂ ਬਰਾਮਦ

(ਨਿਊਜ਼ ਟਾਊਨ ਨੈਟਵਰਕ)
ਧਰਮਸ਼ਾਲਾ, 25 ਜੂਨ : ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੀ ਸ਼ੁਰੂਆਤ ਨੇ ਹੀ ਤਬਾਹੀ ਮਚਾ ਦਿੱਤੀ ਹੈ। ਬੁੱਧਵਾਰ ਨੂੰ ਭਾਰੀ ਮੀਂਹ ਨੇ ਧਰਮਸ਼ਾਲਾ ਦੇ ਖਾਨਿਆਰਾ ਵਿਚ ਇੰਦਰਾ ਪ੍ਰਿਯਦਰਸ਼ਨੀ ਹਾਈਡ੍ਰੌਲਿਕ ਪ੍ਰੋਜੈਕਟ ਸੋਕਨੀ ਦਾ ਕੋਟ ਦੇ ਨੇੜੇ ਦੁਪਹਿਰ ਵੇਲੇ ਮਨੂਨੀ ਖੱਡ ਵਿਚ ਪਾਣੀ ਦਾ ਵਹਾਅ ਅਚਾਨਕ ਵੱਧ ਗਿਆ। ਇਸ ਕਾਰਨ ਤੇਜ਼ ਵਹਾਅ ਵਿਚ 15 ਤੋਂ 20 ਮਜ਼ਦੂਰ ਵਹਿ ਗਏ। ਘਟਨਾ ਸਮੇਂ ਸਾਰੇ ਮਜ਼ਦੂਰ ਖੱਡ ਦੇ ਕੰਢੇ ਬਣੇ ਇਕ ਸ਼ੈੱਡ ਵਿਚ ਰਹਿ ਰਹੇ ਸਨ।
ਕਾਂਗੜਾ ਜ਼ਿਲ੍ਹੇ ਦੀ ਐਸਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਤੱਕ 2 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ, ਬਾਕੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਟੀਮਾਂ ਭੇਜੀਆਂ ਗਈਆਂ ਹਨ ਅਤੇ ਜਾਂਚ ਜਾਰੀ ਹੈ ਕਿ ਕਿੰਨੇ ਮਜ਼ਦੂਰ ਪਾਣੀ ਵਿਚ ਵਹਿ ਗਏ ਹਨ।
ਵਿਧਾਇਕ ਸੁਧੀਰ ਸ਼ਰਮਾ ਨੇ ਵੀ ਆਪਣੇ ਸੋਸ਼ਲ ਮੀਡੀਆ ‘ਤੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਇਹ ਬਹੁਤ ਹੀ ਦੁਖਦਾਈ ਅਤੇ ਦਰਦਨਾਕ ਖ਼ਬਰ ਹੈ ਕਿ ਇੰਦਰਾ ਪ੍ਰਿਯਦਰਸ਼ਿਨੀ ਹਾਈਡ੍ਰੌਲਿਕ ਪ੍ਰੋਜੈਕਟ, ਸੋਕਨੀ ਦਾ ਕੋਟ (ਖਨਿਆਰਾ), ਧਰਮਸ਼ਾਲਾ ਵਿਚ ਮਨੂਨੀ ਖੱਡ ਵਿਚ ਪਾਣੀ ਦੇ ਵਹਾਅ ਵਿਚ ਅਚਾਨਕ ਵਾਧਾ ਹੋਣ ਕਾਰਨ ਲਗਭਗ 15 ਤੋਂ 20 ਮਜ਼ਦੂਰ ਵਹਿ ਗਏ। ਇਹ ਸਾਰੇ ਖੱਡ ਦੇ ਕੰਢੇ ਬਣੇ ਇਕ ਸ਼ੈੱਡ ਵਿਚ ਰਹਿ ਰਹੇ ਸਨ। ਅਜਿਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਪਹਿਲਾਂ ਕਦੇ ਨਹੀਂ ਦੇਖੀ ਗਈ। ਅਸੀਂ ਇਸ ਦੁਖਦਾਈ ਪਲ ਵਿਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਅਸੀਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਤਾਕਤ ਦੇਣ।
ਦੂਜੇ ਪਾਸੇ ਕਾਂਗੜਾ ਦੇ ਡੀਸੀ ਹੇਮਰਾਜ ਬੇਰਬਾ ਨੇ ਵੀ ਮਾਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਹੁਣ ਤੱਕ 2 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
